ਭਾਰਤ ਸਾਲ 2019 ''ਚ ਬਣਿਆ ਨੌਵਾਂ ਸਭ ਤੋਂ ਵਧ FDI ਹਾਸਲ ਕਰਨ ਵਾਲਾ ਦੇਸ਼ - ਸੰਯੁਕਤ ਰਾਸ਼ਟਰ

06/16/2020 6:12:51 PM

ਸੰਯੁਕਤ ਰਾਸ਼ਟਰ — ਭਾਰਤ ਨੂੰ ਸਾਲ 2019 ਵਿਚ 51 ਅਰਬ ਡਾਲਰ ਦਾ ਨਿਵੇਸ਼ ਮਿਲਿਆ। ਇਸ ਲਿਹਾਜ਼ ਨਾਲ ਸਾਲ ਦੌਰਾਨ ਦੁਨੀਆ ਭਰ ਵਿਚ ਵਧੇਰੇ ਪ੍ਰਤੱਖ ਵਿਦੇਸ਼ੀ ਨਿਵੇਸ਼ ਪ੍ਰਾਪਤ ਕਰਨ ਵਾਲੇ ਦੇਸ਼ਾਂ ਵਿਚ ਭਾਰਤ ਨੌਵੇਂ ਸਥਾਨ 'ਤੇ ਰਿਹਾ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੀ ਕਾਰੋਬਾਰੀ ਇਕਾਈ ਦੀ ਇਕ ਰਿਪੋਰਟ ਵਿਚ ਦਿੱਤੀ ਗਈ ਹੈ। 

ਸੰਯੁਕਤ ਰਾਸ਼ਟਰ ਦੀ ਵਪਾਰ ਅਤੇ ਵਿਕਾਸ ਕਾਨਫਰੰਸ (ਅੰਕਟਾਡ) ਨੇ ਸੋਮਵਾਰ ਨੂੰ ਜਾਰੀ ਕੀਤੀ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ 'ਚ ਕੋਵਿਡ-19 ਦੇ ਬਾਅਦ ਕਮਜ਼ੋਰ ਪਰ ਸਕਾਰਾਤਮਕ ਆਰਥਿਕ ਵਾਧਾ  ਹਾਸਲ ਹੋਣ ਅਤੇ ਭਾਰਤ ਦੀ ਵਿਸ਼ਾਲ ਮਾਰਕੀਟ ਦੇਸ਼ ਲਈ ਨਿਵੇਸ਼ ਨੂੰ ਆਕਰਸ਼ਤ ਕਰਨਾ ਜਾਰੀ ਰੱਖੇਗਾ। 

ਅੰਕਟਾਡ ਦੀ ਵਿਸ਼ਵ ਨਿਵੇਸ਼ ਰਿਪੋਰਟ 2020 ਵਿਚ ਕਿਹਾ ਗਿਆ ਹੈ ਕਿ ਭਾਰਤ ਸਾਲ 2019 'ਚ 51 ਅਰਬ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼  ਹਾਸਲ ਕਰਨ ਦੇ ਨਾਲ ਸਾਲ ਦੌਰਾਨ ਦੁਨੀਆ ਭਰ ਵਿਚ ਨੌਵੇਂ ਸਥਾਨ 'ਤੇ ਰਿਹਾ। ਇਸ ਤੋਂ ਪਿਛਲੇ ਸਾਲ 2018 ਵਿਚ ਭਾਰਤ ਨੂੰ 42 ਅਰਬ ਡਾਲਰ ਦਾ ਐਫ.ਡੀ.ਆਈ. ਹਾਸਲ ਹੋਇਆ ਸੀ। ਉਸ ਸਮੇਂ ਭਾਰਤ ਐਫਡੀਆਈ ਪ੍ਰਾਪਤ ਕਰਨ ਵਾਲੇ ਚੋਟੀ ਦੇ 20 ਦੇਸ਼ਾਂ ਵਿਚੋਂ 12 ਵੇਂ ਨੰਬਰ 'ਤੇ ਸੀ। ਵਿਕਾਸਸ਼ੀਲ ਏਸ਼ੀਆ ਖੇਤਰ ਵਿਚ ਭਾਰਤ ਸਭ ਤੋਂ ਜ਼ਿਆਦਾ ਐਫ.ਡੀ.ਆਈ. ਹਾਸਲ ਕਰਨ ਵਾਲੇ ਸਿਖਰ ਪੰਜ ਦੇਸ਼ਾਂ ਵਿਚ ਸ਼ਾਮਲ ਰਿਹਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2020 ਵਿਚ ਵਿਸ਼ਵਵਿਆਪੀ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿਚ 40 ਪ੍ਰਤੀਸ਼ਤ ਤੱਕ ਦੀ ਗਿਰਾਵਟ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਗਿਰਾਵਟ 2019 ਵਿਚ ਹੋਏ 1,540 ਅਰਬ ਡਾਲਰ ਦੀ ਆਮਦ ਦੇ ਮੁਕਾਬਲੇ ਆ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ 2005 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਵਿਸ਼ਵ ਦੇ ਦੇਸ਼ਾਂ ਵਿਚ ਐਫਡੀਆਈ ਪਹਿਲੀ ਵਾਰ ਇਕ ਹਜ਼ਾਰ ਅਰਬ ਡਾਲਰ ਦੇ ਅੰਕੜੇ ਤੋਂ ਹੇਠਾਂ ਆ ਜਾਵੇਗੀ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਏਸ਼ੀਆ ਦੇ ਵਿਕਾਸਸ਼ੀਲ ਦੇਸ਼ਾਂ ਵਿਚ ਐਫਡੀਆਈ ਦਾ ਪ੍ਰਵਾਹ 2020 ਵਿਚ 45 ਪ੍ਰਤੀਸ਼ਤ ਤੱਕ ਘਟਣ ਦਾ ਅਨੁਮਾਨ ਹੈ। ਦੱਖਣੀ ਏਸ਼ੀਆ ਦੇ ਦੇਸ਼ਾਂ ਵਿਚ ਵੀ ਐਫ.ਡੀ.ਆਈ. 'ਚ 2020 ਦੌਰਾਨ ਗਿਰਾਵਟ ਆਉਣ ਦੀ ਉਮੀਦ ਹੈ।

Harinder Kaur

This news is Content Editor Harinder Kaur