‘UPI ਨਾਲ ਜੁੜਿਆ ਪੇਅ-ਨਾਓ ਪੇਮੈਂਟ, ਸਿੰਗਾਪੁਰ ਤੋਂ ਪੈਸੇ ਟ੍ਰਾਂਸਫਰ ਕਰਨਾ ਸੌਖਾ’

09/15/2021 10:49:27 AM

ਨਵੀਂ ਦਿੱਲੀ– ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਭਾਰਤ ਅਤੇ ਸਿੰਗਾਪੁਰ ’ਚ ਆਪਣੀਆਂ ਤੇਜ਼ ਭੁਗਤਾਨ ਪ੍ਰਣਾਲੀਆਂ ’ਚ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਅਤੇ ਪੇਅ-ਨਾਓ ਨੂੰ ਆਪਸ ’ਚ ਜੋੜਨ ਦਾ ਐਲਾਨ ਕੀਤਾ ਹੈ, ਜਿਸ ਨਾਲ ਯੂਜ਼ਰਜ਼ ਆਪਸੀ ਆਧਾਰ ’ਤੇ ਤੁਰੰਤ ਅਤੇ ਘੱਟ ਲਾਗਤ ਨਾਲ ਪੈਸਿਆਂ ਨੂੰ ਟ੍ਰਾਂਸਫਰ ਕਰ ਸਕਣ। ਰਿਜ਼ਰਵ ਬੈਂਕ ਅਤੇ ਸਿੰਗਾਪੁਰ ਮੁਦਰਾ ਅਥਾਰਿਟੀ (ਐੱਮ. ਏ. ਐੱਸ.) ਨੇ ਤੇਜ਼ ਭੁਗਤਾਨ ਪ੍ਰਣਾਲੀਆਂ ਨੂੰ ਜੋੜਨ ਲਈ ਯੋਜਨਾਵਾਂ ਦਾ ਐਲਾਨ ਕੀਤਾ ਹੈ। ਯਾਨੀ ਹੁਣ ਸਿੰਗਾਪੁਰ ਤੋਂ ਪੈਸੇ ਟ੍ਰਾਂਸਫਰ ਕਰਨਾ ਸੌਖਾਲਾ ਹੋ ਜਾਏਗਾ।

ਰਿਜ਼ਰਵ ਬੈਂਕ ਨੇ ਇਕ ਬਿਆਨ ’ਚ ਕਿਹਾ ਕਿ ਜੁਲਾਈ 2022 ਤੱਕ ਇਸ ਨੂੰ ਚਾਲੂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਸ ਨੇ ਕਿਹਾ ਕਿ ਯੂ. ਪੀ. ਆਈ.-ਪੇਅ ਨਾਓ ਨੂੰ ਜੋੜਨ ਨਾਲ ਦੋਵੇਂ ਤੇਜ਼ ਭੁਗਤਾਨ ਪ੍ਰਮਾਲੀਆਂ ’ਚੋਂ ਹਰੇਕ ਦੇ ਯੂਜ਼ਰਜ਼ ਨੂੰ ਦੂਜੀ ਭੁਗਤਾਨ ਪ੍ਰਣਾਲੀ ਦਾ ਇਸਤੇਮਾਲ ਕੀਤੇ ਬਿਨਾਂ ਆਪਸੀ ਆਧਾਰ ’ਤੇ ਤੁਰੰਤ, ਘੱਟ ਲਾਗਤ ਨਾਲ ਪੈਸਿਆਂ ਨੂੰ ਟ੍ਰਾਂਸਫਰ ਕਰਨ ਦੀ ਸਹੂਲਤ ਮਿਲੇਗੀ।

ਪੇਮੈਂਟ ਸਿਸਟਮ ਨੂੰ ਮਿਲੇਗਾ ਬੜ੍ਹਾਵਾ
ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਯੋਜਨਾ ਭਾਰਤ ਅਤੇ ਸਿੰਗਾਪੁਰ ਦਰਮਿਆਨ ਸਰਹੱਦ ਪਾਰ ਭੁਗਤਾਨ ਲਈ ਬੁਨਿਆਦੀ ਢਾਂਚੇ ਦੇ ਵਿਕਾਸ ’ਚ ਇਕ ਅਹਿਮ ਪੜਾਅ ਹੈ ਅਤੇ ਇਹ ਜੀ-20 (ਵਿਕਾਸਸ਼ੀਲ ਦੇਸ਼ਾਂ ਦਾ ਸੰਗਠਨ) ਦੀ ਜ਼ਿਆਦਾ ਤੇਜ਼, ਸਸਤੀ ਅਤੇ ਵਧੇਰੇ ਪਾਰਦਰਸ਼ੀ ਸਰਹੱਦ ਪਾਰ ਭੁਗਤਾਨਾਂ ਨੂੰ ਬੜ੍ਹਾਵਾ ਦੇਣ ਸਬੰਧੀ ਵਿੱਤੀ ਸ਼ਮੂਲੀਅਤ ਤਰਜੀਹਾਂ ਨਾਲ ਕਰੀਬ ਤੋਂ ਜੁੜਿਆ ਹੋਇਆ ਹੈ। ਯੂ. ਪੀ. ਆਈ. ਭਾਰਤ ’ਚ ਵਰਤੋਂ ਹੋਣ ਵਾਲਾ ਮੋਬਾਇਲ ਆਧਾਰਿਤ ਫਾਸਟ ਪੇਮੈਂਟ ਸਿਸਟਮ ਹੈ। ਇਸ ’ਚ ਯੂਜ਼ਰ ਨੂੰ ਇਕ ਵਰਚੁਅਲ ਪੇਮੈਂਟ ਅਡ੍ਰੈੱਸ (ਵੀ. ਪੀ. ਏ.) ਦਿੱਤਾ ਜਾਂਦਾ ਹੈ, ਜਿਸ ਦੇ ਰਾਹੀਂ ਉਹ 24 ਘੰਟੇ ਕਿਤੇ ਵੀ ਫੰਡ ਟ੍ਰਾਂਸਫਰ ਕਰ ਸਕਦਾ ਹੈ।

ਬਿਨਾਂ ਅਕਾਊਂਟ ਨੰਬਰ ਤੋਂ ਭੇਜ ਸਕੋਗੇ ਪੈਸੇ
ਤੁਹਾਨੂੰ ਦੱਸ ਦਈਏ ਯੂ. ਪੀ. ਆਈ. ਜਦੋਂ ਪੇਅ-ਨਾਓ ਨਾਲ ਲਿੰਕ ਹੋ ਜਾਏਗਾ ਤਾਂ ਇਕ ਤੋਂ ਦੂਜੇ ਦੇਸ਼ ’ਚ ਤੇਜ਼ੀ ਨਾਲ ਪੈਸੇ ਭੇਜਣ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਤੁਸੀਂ ਬਿਨਾਂ ਅਕਾਊਂਟ ਨੰਬਰ ਤੋਂ ਇਕ ਦੇਸ਼ ਤੋਂ ਦੂਜੇ ਦੇਸ਼ ’ਚ ਪੈਸੇ ਭੇਜ ਸਕਦੇ ਹੋ। ਇਸ ਸਹੂਲਤ ਰਾਹੀਂ ਭਾਰਤ ਅਤੇ ਸਿੰਗਾਪੁਰ ਦਰਮਿਆਨ ਵਪਾਰ ਨੂੰ ਵੀ ਬੜ੍ਹਾਵਾ ਮਿਲੇਗਾ। ਭਾਰਤ ਅਤੇ ਸਿੰਗਾਪੁਰ ਦੀ ਇਹ ਵੱਡੀ ਪਹਿਲ ਮੰਨੀ ਜਾ ਰਹੀ ਹੈ।

Sanjeev

This news is Content Editor Sanjeev