20 ਫ਼ੀਸਦੀ ਤੱਕ ਘੱਟ ਸਕਦੀ ਹੈ ਭਾਰਤ ਦੀ ਚੌਲ ਬਰਾਮਦ

02/07/2020 12:02:36 AM

ਮੁੰਬਈ (ਭਾਸ਼ਾ)-ਦੇਸ਼ ਦੀ ਚੌਲ ਬਰਾਮਦ ਚਾਲੂ ਵਿੱਤੀ ਸਾਲ ’ਚ ਲਗਭਗ 20 ਫ਼ੀਸਦੀ ਘਟਣ ਦਾ ਖਦਸ਼ਾ ਹੈ। ਇਸ ਦਾ ਕਾਰਣ ਪੱਛਮ ਏਸ਼ੀਆ ’ਚ ਭੂ-ਸਿਆਸੀ ਤਣਾਅ ਵਧਣਾ ਅਤੇ ਵਪਾਰ ਨਿਯਮਾਂ ਦਾ ਸਖਤ ਹੋਣਾ ਹੈ। ਅਮਰੀਕਾ ਦੀ ਵਪਾਰ ਵਿੱਤ ਨਾਲ ਜੁਡ਼ੀ ਕੰਪਨੀ ਡ੍ਰਿਪ ਕੈਪੀਟਲ ਦੀ ਇਕ ਰਿਪੋਰਟ ਅਨੁਸਾਰ ਦੁਨੀਆ ਭਰ ’ਚ ਚੌਲ ਬਰਾਮਦ ’ਚ ਰਿਕਾਰਡ ਕਮੀ ਆਈ ਹੈ।

ਡ੍ਰਿਪ ਕੈਪੀਟਲ ਦੇ ਸਹਿ-ਬਾਨੀ ਅਤੇ ਸਹਿ-ਮੁੱਖ ਕਾਰਜਕਾਰੀ ਅਧਿਕਾਰੀ ਪੁਸ਼ਕਰ ਮੁਕੇਵਾਰ ਨੇ ਕਿਹਾ, ‘‘ਹੁਣ ਤੱਕ ਬਰਾਮਦ ਫਿੱਕੀ ਲੱਗ ਰਹੀ ਹੈ। ਸਭ ਤੋਂ ਵੱਡਾ ਬਰਾਮਦ ਬਾਜ਼ਾਰ ਈਰਾਨ ਨੂੰ ਭਾਰਤ ਤੋਂ ਚੌਲ ਬਰਾਮਦ ’ਚ 22 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ (33 ਫ਼ੀਸਦੀ), ਨੇਪਾਲ (23 ਫ਼ੀਸਦੀ), ਯਮਨ (2 ਫ਼ੀਸਦੀ), ਸਨੇਗਲ (90 ਫ਼ੀਸਦੀ) ਅਤੇ ਬੰਗਲਾਦੇਸ਼ (94 ਫ਼ੀਸਦੀ) ਵਰਗੇ ਹੋਰ ਬਰਾਮਦ ਬਾਜ਼ਾਰਾਂ ’ਚ ਵੀ ਚੌਲ ਬਰਾਮਦ ’ਚ ਕਮੀ ਆਈ ਹੈ।’’ ਹਾਲਾਂਕਿ ਕੁਝ ਦੇਸ਼ਾਂ ਨੂੰ ਬਰਾਮਦ ਵਧੀ ਹੈ। ਸਾਊਦੀ ਅਰਬ ਨੂੰ ਹੋਣ ਵਾਲੀ ਚੌਲ ਬਰਾਮਦ ’ਚ 4 ਫ਼ੀਸਦੀ, ਜਦੋਂ ਕਿ ਇਰਾਕ ਨੂੰ 10 ਫ਼ੀਸਦੀ ਅਤੇ ਅਮਰੀਕਾ ਨੂੰ ਹੋਣ ਵਾਲੀ ਚੌਲ ਬਰਾਮਦ ’ਚ 4 ਫ਼ੀਸਦੀ ਦਾ ਵਾਧਾ ਹੋਇਆ ਹੈ।

ਰਿਪੋਰਟ ਅਨੁਸਾਰ ਹਰਿਆਣਾ ਦੇਸ਼ ’ਚ ਸਭ ਤੋਂ ਵੱਡਾ ਬਾਸਮਤੀ ਚੌਲ ਬਰਾਮਦਕਾਰ ਸੂਬਾ ਹੈ। ਵਿੱਤੀ ਸਾਲ 2015-16 ਤੋਂ 2018-19 ਦੌਰਾਨ ਬਰਾਮਦ ’ਚ 3 ਫ਼ੀਸਦੀ ਦਾ ਵਾਧਾ ਹੋਇਆ ਹੈ। ਗੁਜਰਾਤ ਦੂਜਾ ਸਭ ਤੋਂ ਵੱਡਾ ਬਰਾਮਦਕਾਰ ਸੂਬਾ ਹੈ, ਜਿੱਥੋਂ 2018-19 ’ਚ 110.6 ਕਰੋਡ਼ ਟਨ ਚੌਲ ਦੀ ਬਰਾਮਦ ਹੋਈ। ਹੋਰ ਪ੍ਰਮੁੱਖ ਸੂਬਿਆਂ ’ਚ ਦਿੱਲੀ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ।

Karan Kumar

This news is Content Editor Karan Kumar