ਅਕਤੂਬਰ-ਨਵੰਬਰ ’ਚ ਖੰਡ ਉਤਪਾਦਨ 54 ਫ਼ੀਸਦੀ ਹੋਇਆ ਘੱਟ, ਘਟ ਕੇ 18.85 ਲੱਖ ਟਨ ’ਤੇ ਆਇਆ

12/03/2019 9:14:10 PM

ਨਵੀਂ ਦਿੱਲੀ (ਭਾਸ਼ਾ)-ਦੇਸ਼ ਦਾ ਖੰਡ ਉਤਪਾਦਨ ਅਕਤੂਬਰ-ਨਵੰਬਰ ’ਚ 18.85 ਲੱਖ ਟਨ ਰਿਹਾ, ਜੋ ਪਿਛਲੇ ਸਾਲ ਦੀ ਇਸ ਮਿਆਦ ਨਾਲੋਂ 54 ਫ਼ੀਸਦੀ ਘੱਟ ਹੈ। ਮਹਾਰਾਸ਼ਟਰ ’ਚ ਦੇਰ ਨਾਲ ਪਿੜਾਈ ਸ਼ੁਰੂ ਹੋਣ ਕਾਰਣ ਉਥੋਂ ਦਾ ਉਤਪਾਦਨ ਕਾਫ਼ੀ ਘੱਟ ਰਹਿਣ ਨਾਲ ਕੁਲ ਉਤਪਾਦਨ ਹੇਠਾਂ ਆਇਆ ਹੈ। ਮਹਾਰਾਸ਼ਟਰ ਦੀਆਂ ਖੰਡ ਮਿੱਲਾਂ ਨੇ ਗੰਨੇ ਦੀ ਪਿੜਾਈ ਕਾਫ਼ੀ ਦੇਰੀ ਨਾਲ ਸ਼ੁਰੂ ਕੀਤੀ ਹੈ, ਜਿਸ ਦੀ ਵਜ੍ਹਾ ਨਾਲ ਉਥੇ ਉਤਪਾਦਨ ਘਟਿਆ ਹੈ। ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਹੁੰਦਾ ਹੈ।

ਭਾਰਤੀ ਖੰਡ ਮਿੱਲ ਐਸੋਸੀਏਸ਼ਨ (ਇਸਮਾ) ਨੇ ਕਿਹਾ ਕਿ 2019-20 ਦੇ ਖੰਡ ਸਾਲ ’ਚ 30 ਨਵੰਬਰ, 2019 ਤੱਕ ਖੰਡ ਦਾ ਉਤਪਾਦਨ 18.85 ਲੱਖ ਟਨ ਰਿਹਾ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਤੱਕ 40.69 ਲੱਖ ਟਨ ਰਿਹਾ ਸੀ। ਇਸਮਾ ਨੇ ਕਿਹਾ ਕਿ ਇਸ ਸਾਲ 30 ਨਵੰਬਰ ਤੱਕ ਸਿਰਫ 279 ਖੰਡ ਮਿੱਲਾਂ ਸੰਚਾਲਨ ’ਚ ਸਨ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਤੱਕ 418 ਖੰਡ ਮਿੱਲਾਂ ’ਚ ਗੰਨੇ ਦੀ ਪਿੜਾਈ ਦਾ ਕੰਮ ਹੋ ਰਿਹਾ ਸੀ। ਇਸਮਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ 2019-20 ਦੇ ਮਾਰਕੀਟਿੰਗ ਸਾਲ ’ਚ ਖੰਡ ਦਾ ਉਤਪਾਦਨ 21.5 ਫ਼ੀਸਦੀ ਘਟ ਕੇ 2.60 ਕਰੋਡ਼ ਟਨ ਰਹਿਣ ਦਾ ਅੰਦਾਜ਼ਾ ਹੈ।

ਅੰਕੜਿਆਂ ਅਨੁਸਾਰ ਅਕਤੂਬਰ-ਨਵੰਬਰ ਤੱਕ ਉੱਤਰ ਪ੍ਰਦੇਸ਼ ’ਚ ਖੰਡ ਦਾ ਉਤਪਾਦਨ ਵਧ ਕੇ 10.81 ਲੱਖ ਟਨ ’ਤੇ ਪਹੁੰਚ ਗਿਆ, ਜੋ ਇਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ ’ਚ 9.14 ਲੱਖ ਟਨ ਸੀ। ਉਥੇ ਹੀ ਇਸ ਦੌਰਾਨ ਮਹਾਰਾਸ਼ਟਰ ’ਚ ਖੰਡ ਉਤਪਾਦਨ ਘਟ ਕੇ 67,000 ਟਨ ’ਤੇ ਆ ਗਿਆ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 18.89 ਲੱਖ ਟਨ ਸੀ। ਸੂਬੇ ਦੀਆਂ ਖੰਡ ਮਿੱਲਾਂ ਨੇ ਕਾਫ਼ੀ ਦੇਰੀ ਨਾਲ 22 ਨਵੰਬਰ, 2019 ਨੂੰ ਸੰਚਾਲਨ ਸ਼ੁਰੂ ਕੀਤਾ ਹੈ।

Karan Kumar

This news is Content Editor Karan Kumar