ਭਾਰਤ ਦੀ ਵਿਕਾਸ ਦਰ 2021 'ਚ 7.2 ਫ਼ੀਸਦੀ ਰਹਿਣ ਦੀ ਉਮੀਦ : ਯੂ. ਐੱਨ.

09/16/2021 1:05:58 PM

ਸੰਯੁਕਤ ਰਾਸ਼ਟਰ- ਭਾਰਤ ਦੀ ਇਕਨੋਮੀ ਗ੍ਰੋਥ ਦਰ 2021 ਵਿਚ 7.2 ਫ਼ੀਸਦੀ ਰਹਿ ਸਕਦੀ ਹੈ ਪਰ ਅਗਲੇ ਸਾਲ ਇਸ ਵਿਚ ਕਮੀ ਆ ਸਕਦੀ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਇਹ ਅਨੁਮਾਨ ਜਤਾਇਆ ਗਿਆ ਹੈ। ਰਿਪੋਰਟ ਮੁਤਾਬਕ, ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਤੇ ਨਿੱਜੀ ਖਪਤ 'ਤੇ ਖਾਣ-ਪੀਣ ਦੀ ਮਹਿੰਗਾਈ ਦੇ ਨਕਾਰਾਤਮਕ ਅਸਰ ਦੇ ਮੱਦੇਨਜ਼ਰ ਦੇਸ਼ ਵਿਚ ਅਰਥਵਿਵਸਥਾ ਦੇ ਸੁਧਾਰ ਦੀ ਪ੍ਰਕਿਰਿਆ ਵਿਚ ਵਿਘਨ ਪੈ ਸਕਦਾ ਹੈ।

''UNCTAD ਵਪਾਰ ਅਤੇ ਵਿਕਾਸ ਰਿਪੋਰਟ 2021 ਵਿਚ ਉਮੀਦ ਜਤਾਈ ਗਈ ਹੈ ਕਿ ਗਲੋਬਲ ਅਰਥਵਿਵਸਥਾ 2021 ਵਿਚ ਇਕ ਮਜਬੂਤ ਸੁਧਾਰ ਲਈ ਤਿਆਰ ਹੈ। ਹਾਲਾਂਕਿ, ਖੇਤਰੀ ਅਤੇ ਦੇਸ਼ਾਂ ਦੇ ਆਧਾਰ 'ਤੇ ਕੁਝ ਅਨਿਸ਼ਚਿਤਤਾ ਬਣੀ ਹੋਈ ਹੈ। ਇਹ ਰਿਪੋਰਟ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਜਾਰੀ ਕੀਤੀ ਗਈ।

ਵਪਾਰ ਤੇ ਵਿਕਾਸ 'ਤੇ ਸੰਯੁਕਤ ਰਾਸ਼ਟਰ ਸੰਮੇਲਨ (ਅਨਕਟਡ) ਨੇ 2020 ਵਿਚ 3.5 ਫ਼ੀਸਦੀ ਦੀ ਗਿਰਾਵਟ ਤੋਂ ਬਾਅਦ ਉਮੀਦ ਜਤਾਈ ਹੈ ਕਿ ਇਸ ਸਾਲ ਗਲੋਬਲ ਉਤਪਦਾਨ ਵਿਚ 5.3 ਫ਼ੀਸਦੀ ਦਾ ਵਾਧਾ ਹੋਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ 2020 ਵਿਚ ਸੱਤ ਫ਼ੀਸਦੀ ਦੀ ਗਿਰਾਵਟ ਝੱਲੀ ਅਤੇ 2021 ਵਿਚ ਇਸ ਦੇ 7.2 ਫ਼ੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਰਿਪੋਰਟ ਵਿਚ ਅਨੁਮਾਨ ਲਾਇਆ ਗਿਆ ਹੈ ਕਿ ਭਾਰਤ 2022 ਵਿਚ 6.7 ਫ਼ੀਸਦੀ ਦਰ ਨਾਲ ਆਰਥਿਕ ਵਾਧਾ ਦਰਜ ਕਰੇਗਾ, ਜੋ ਕਿ 2021 ਦੇ ਮੁਕਾਬਲੇ ਹੌਲੀ ਰਫ਼ਤਾਰ ਹੈ। ਹਾਲਾਂਕਿ, ਇਸ ਦੇ ਬਾਵਜੂਦ ਭਾਰਤ ਅਗਲੇ ਸਾਲ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਬਣਿਆ ਰਹੇਗਾ।


Sanjeev

Content Editor

Related News