2030 ਤੱਕ 4 ਗੁਣਾ ਹੋ ਸਕਦੀ ਹੈ ਭਾਰਤ ਦੀ GDP : ਸਰਕਾਰ

07/15/2018 8:55:28 AM

ਨਵੀਂ ਦਿੱਲੀ—ਸਰਕਾਰ ਦਾ ਅੰਦਾਜ਼ਾ ਹੈ ਕਿ ਆਉਣ ਵਾਲੇ 12 ਸਾਲਾਂ 'ਚ ਦੇਸ਼ ਦੀ ਜੀ.ਡੀ.ਪੀ. ਵਧ ਕੇ ਘੱਟੋ-ਘੱਟ ਚਾਰ ਗੁਣਾ ਹੋ ਜਾਵੇਗੀ। ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਦਾ ਕਹਿਣਾ ਹੈ ਕਿ ਭਾਰਤ ਸਾਲ 2030 ਤੱਕ ਦੁਨੀਆ ਦੀ ਤੀਜੀ ਅਰਥਵਿਵਸਥਾ ਬਣ ਸਕਦਾ ਹੈ। 
ਇੰਸਟੀਚਿਊਟ ਆਫ ਕਾਸਟ ਅਕਾਊਂਟੈਂਟਸ ਆਫ ਇੰਡੀਆ (ਆਈ.ਸੀ.ਏ.ਆਈ.) ਦੇ ਰਜਤ ਜਯੰਤੀ ਸਮਾਰੋਹ ਨੂੰ ਸੰਬੋਧਤ ਕਰਦੇ ਹੋਏ ਗਰਗ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਨਵੀਂਆਂ ਉੱਚਾਈਆਂ ਛੂਹਣ ਨੂੰ ਤਿਆਰ ਹੈ। ਨਾਲ ਹੀ 2030 ਤੱਕ 10,000 ਅਰਬ ਡਾਲਰ (ਘੱਟੋ-ਘੱਟ 650 ਲੱਖ ਕਰੋੜ ਰੁਪਏ) ਦੀ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਨਾਲ ਇਸ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਉਮੀਦ ਹੈ।
ਗਰਗ ਨੇ ਕਿਹਾ ਕਿ ਅਰਥਵਿਵਸਥਾ ਦੇ ਮੋਰਚੇ 'ਤੇ ਕਾਫੀ ਚੰਗਾ ਕੰਮ ਹੋ ਰਿਹਾ ਹੈ ਅਤੇ ਚੰਗੇ ਦਿਨ ਆਉਣ ਵਾਲੇ ਹਨ। ਸਾਡੀ ਅਰਥਵਿਵਸਥਾ ਉੱਚੀ ਉਡਾਣ ਲਈ ਤਿਆਰ ਹੈ, ਜਿਥੇ ਭਾਰਤੀ ਆਪਣਾ ਸਿਰ ਮਾਣ ਨਾਲ ਚੁੱਕ ਸਕਦੇ ਹਨ। ਗਰਗ ਨੇ ਭਾਰਤੀ ਲਾਗਤ-ਲੇਖਾਕਾਰ ਸੰਸਥਾਨ (ਆਈ.ਸੀ.ਏ.ਆਈ.) ਦੇ ਪਲੈਟੀਨਮ ਜੁਬਲੀ ਸਮਾਰੋਹ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ 40 ਸਾਲਾਂ 'ਚ ਦੇਸ਼ ਦੀ ਆਰਥਿਕ ਵਾਧਾ ਦਰ ਮੁਸ਼ਕਿਲ ਨਾਲ 3 ਤੋਂ 4 ਫੀਸਦੀ ਸੀ ਜੋ ਅੱਜ 7-8 ਫੀਸਦੀ ਹੈ। ਉਨ੍ਹਾਂ ਕਿਹਾ ਕਿ 2030 ਤੱਕ ਅਸੀਂ 10,000 ਅਰਬ ਡਾਲਰ ਦੀ ਅਰਥਵਿਵਸਥਾ ਹੋਣ ਦੀ ਉਮੀਦ ਕਰ ਸਕਦੇ ਹਾਂ। ਇਹ ਇਕ ਚੁਣੌਤੀ ਹੈ, ਨਾਲ ਹੀ ਇਹ ਸਾਡੇ ਲਈ ਇਕ ਮੌਕਾ ਵੀ।
ਗਰਗ ਨੇ ਕਿਹਾ ਕਿ ਅੱਠ ਫੀਸਦੀ ਦੀ ਵਾਧਾ ਦਰ ਬਿਲਕੁੱਲ ਹਾਸਲ ਕੀਤੀ ਜਾ ਸਕਦੀ ਹੈ। ਜੇਕਰ ਅਸੀਂ ਇਸ ਨੂੰ ਹਾਸਲ ਕਰ ਲੈਂਦੇ ਹਾਂ ਤਾਂ ਅਸੀਂ 10,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦੀ ਉਮੀਦ ਕਰ ਸਕਦੇ ਹਾਂ, ਉਸ ਸਮੇਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗੀ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਭਾਰਤ ਫਰਾਂਸ ਨੂੰ ਪਛਾੜ ਕੇ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੇ ਰੂਪ 'ਚ ਉਭਰਿਆ ਹੈ।