ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਘਟ ਕੇ ਹੋਇਆ 570.74 ਅਰਬ ਡਾਲਰ

08/20/2022 1:23:31 PM

ਮੁੰਬਈ — ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ  ਜਾਣਕਾਰੀ ਦਿੱਤੀ ਹੈ ਕਿ 12 ਅਗਸਤ ਨੂੰ ਹਫ਼ਤੇ ਦੇ  ਖ਼ਤਮ ਹੋਣ 'ਤੇ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2.23 ਅਰਬ ਡਾਲਰ ਘੱਟ ਗਿਆ ਹੈ। ਇਹ ਘਟ ਕੇ 570.74 ਅਰਬ ਡਾਲਰ ਰਹਿ ਗਿਆ।  ਇਸ ਤੋਂ ਪਹਿਲਾਂ 5 ਅਗਸਤ ਨੂੰ ਖ਼ਤਮ ਹਫ਼ਤੇ 'ਚ ਵਿਦੇਸ਼ੀ ਮੁਦਰਾ ਭੰਡਾਰ 89.7 ਕਰੋੜ ਡਾਲਰ ਘੱਟ ਕੇ 572.97 ਅਰਬ ਡਾਲਰ ਰਹਿ ਗਿਆ ਸੀ। ਰਿਜ਼ਰਵ ਬੈਂਕ ਵੱਲੋਂ ਜਾਰੀ ਹਫ਼ਤਾਵਾਰੀ ਅੰਕੜਿਆਂ ਮੁਤਾਬਕ 12 ਅਗਸਤ ਨੂੰ ਖ਼ਤਮ ਹੋਏ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 'ਚ ਗਿਰਾਵਟ ਦਾ ਮੁੱਖ ਕਾਰਨ ਵਿਦੇਸ਼ੀ ਮੁਦਰਾ ਸੰਪਤੀਆਂ ਦਾ ਘਟਣਾ ਹੈ, ਜੋ ਕੁੱਲ ਭੰਡਾਰ ਦਾ ਮਹੱਤਵਪੂਰਨ ਹਿੱਸਾ ਬਣਦੇ ਹਨ।

ਹਫ਼ਤਾਵਾਰੀ ਅੰਕੜਿਆਂ ਅਨੁਸਾਰ, ਹਫ਼ਤੇ ਵਿਚ ਵਿਦੇਸ਼ੀ ਮੁਦਰਾ ਸੰਪਤੀਆਂ (ਐੱਫ. ਸੀ. ਏ) ਵਿਚ 2.65 ਅਰਬ ਡਾਲਰ ਦੀ ਗਿਰਾਵਟ ਹੋਈ ਹੈ ਜਿਸ ਕਾਰਨ ਇਹ 506.99 ਅਰਬ ਡਾਲਰ ਰਹਿ ਗਈ ਹੈ। ਵਿਦੇਸ਼ੀ ਮੁਦਰਾ ਭੰਡਾਰ ਵਿਚ ਰੱਖੀ ਵਿਦੇਸ਼ੀ ਮੁਦਰਾ ਸੰਪਤੀਆਂ  ਜਿਵੇਂ ਕਿ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ ਅਮਰੀਕੀ ਮੁਦਰਾਵਾਂ ਨੂੰ ਅਮਰੀਕੀ ਡਾਲਰ ਦੇ ਮੁੱਲ ਦੇ ਵਾਧੇ ਜਾਂ ਗਿਰਾਵਟ ਦੇ ਪ੍ਰਭਾਵ ਅਧੀਨ ਸ਼ਾਮਲ ਕੀਤਾ ਜਾਂਦਾ ਹੈ। ਅੰਕੜਿਆਂ ਮੁਤਾਬਕ ਪੜਤਾਲ ਅਧੀਨ ਹਫ਼ਤੇ 'ਚ ਸੋਨੇ ਦੇ ਭੰਡਾਰ ਦਾ ਮੁੱਲ 30.5 ਕਰੋੜ ਡਾਲਰ ਵਧ ਕੇ 40.61 ਅਰਬ ਡਾਲਰ ਹੋ ਗਿਆ।
 ਸਮੀਖਿਆ ਅਧੀਨ ਹਫ਼ਤੇ ਵਿੱਚ, ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐਫ.) ਕੋਲ ਜਮ੍ਹਾ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ.ਡੀ.ਆਰ.) 10.2 ਕਰੋੜ ਡਾਲਰ ਵਧ ਕੇ 18.13 ਅਰਬ ਡਾਲਰ ਹੋ ਗਿਆ। ਜਦੋਂ ਕਿ ਆਈ.ਐੱਮ.ਐੱਫ਼ ਵਿੱਚ ਜਮ੍ਹਾਂ ਦੇਸ਼ ਦੀ  ਕਰੰਸੀ ਦਾ  ਭੰਡਾਰ 70 ਲੱਖ ਡਾਲਰ ਵਧ ਕੇ 4.99 ਅਰਬ ਡਾਲਰ ਤੋਂ ਵੱਧ ਹੋ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur