ਦਸੰਬਰ ਤਿਮਾਹੀ ’ਚ ਭਾਰਤ ਦੀ ਵਾਧਾ ਦਰ 4.3 ਫ਼ੀਸਦੀ ਰਹਿਣ ਦਾ ਅੰਦਾਜ਼ਾ : ਨੋਮੁਰਾ

12/13/2019 12:19:22 AM

ਸਿੰਗਾਪੁਰ (ਭਾਸ਼ਾ)-ਜਾਪਾਨ ਦੀ ਵਿੱਤੀ ਸੇਵਾ ਦਾਤਾ ਕੰਪਨੀ ਨੋਮੁਰਾ ਅਨੁਸਾਰ, ਇਸ ਸਾਲ ਦਸੰਬਰ ਤਿਮਾਹੀ ’ਚ ਭਾਰਤ ਦੀ ਆਰਥਿਕ ਵਾਧਾ ਦਰ 4.3 ਫ਼ੀਸਦੀ ਰਹਿ ਸਕਦੀ ਹੈ। ਨੋਮੁਰਾ ਦਾ ਮੰਨਣਾ ਹੈ ਕਿ ਸਾਲ 2020 ਦੀ ਪਹਿਲੀ ਤਿਮਾਹੀ ’ਚ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ’ਚ ਮਾਮੂਲੀ ਸੁਧਾਰ ਹੋਵੇਗਾ ਅਤੇ ਇਹ 4.7 ਫ਼ੀਸਦੀ ਰਹਿ ਸਕਦੀ ਹੈ। ਨੋਮੁਰਾ ਦੀ ਮੁੱਖ ਅਰਥਸ਼ਾਸਤਰੀ (ਭਾਰਤ ਅਤੇ ਏਸ਼ੀਆ) ਸੋਨਲ ਵਰਮਾ ਨੇ ਕਿਹਾ, ‘‘ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਦਾ ਸੰਕਟ ਲੰਮਾ ਖਿੱਚੇ ਜਾਣ ਕਾਰਣ ਘਰੇਲੂ ਕਰਜ਼ਾ ਉਪਲੱਬਧਤਾ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਬਾਜ਼ਾਰ ਦਾ ਮੰਨਣਾ ਹੈ ਕਿ ਦੇਸ਼ ਦੀ ਜੀ. ਡੀ. ਪੀ. ਵਾਧਾ ਦਰ ਆਪਣੇ ਹੇਠਲੇ ਪੱਧਰ ’ਤੇ ਆ ਚੁੱਕੀ ਹੈ ਅਤੇ ਹੁਣ ਅੱਗੇ ਇਸ ’ਚ ਸੁਧਾਰ ਹੋਵੇਗਾ।

ਨੋਮੁਰਾ ਦਾ ਮੰਨਣਾ ਹੈ ਕਿ ਵਾਧਾ ਦਰ ’ਚ ਅਜੇ ਹੋਰ ਗਿਰਾਵਟ ਆ ਸਕਦੀ ਹੈ। ਉਸ ਨੇ ਦੇਸ਼ ਦੀ ਆਰਥਿਕ ਵਾਧਾ ਦਰ ਦਾ ਅੰਦਾਜ਼ਾ 2019 ਲਈ 5.3 ਫ਼ੀਸਦੀ ਤੋਂ ਘਟਾ ਕੇ 4.9 ਫ਼ੀਸਦੀ, 2020 ਲਈ 6.3 ਫ਼ੀਸਦੀ ਤੋਂ ਘਟਾ ਕੇ 5.5 ਫ਼ੀਸਦੀ ਅਤੇ 2021 ਲਈ 6.5 ਫ਼ੀਸਦੀ ਕਰ ਦਿੱਤਾ। ਵਰਮਾ ਨੇ ਇੱਥੇ ਇਕ ਪੱਤਰਕਾਰ ਵਾਰਤਾ ’ਚ ਕਿਹਾ, ‘‘ਵਿੱਤੀ ਸਾਲ ਦੇ ਹਿਸਾਬ ਨਾਲ ਸਾਨੂੰ ਜੀ. ਡੀ. ਪੀ. ਵਾਧਾ ਦਰ ਵਿੱਤੀ ਸਾਲ 2019-20 ’ਚ 4.7 ਫ਼ੀਸਦੀ ਤੇ ਵਿੱਤੀ ਸਾਲ 2020-21 ’ਚ 5.7 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੁਧਾਰ ’ਚ ਦੇਰ ਹੋ ਰਹੀ ਹੈ ਅਤੇ ਇਸ ਦੀ ਰਫ਼ਤਾਰ 2020 ਦੇ ਅੰਤ ਤੱਕ ਸੰਭਾਵਿਕ ਰਫ਼ਤਾਰ ਦੇ ਮੁਕਾਬਲੇ ਘੱਟ ਰਹਿ ਸਕਦੀ ਹੈ। ਵਰਮਾ ਨੇ ‘ਏਸ਼ੀਆ 2020 ਸਿਨੇਰਿਓ’ ’ਚ ਕਿਹਾ ਕਿ ਰਿਜ਼ਰਵ ਬੈਂਕ 2020 ਦੀ ਦੂਜੀ ਤਿਮਾਹੀ ’ਚ ਨੀਤੀਗਤ ਦਰਾਂ ’ਚ ਕਟੌਤੀ ਕਰ ਸਕਦਾ ਹੈ। ਫਰਵਰੀ 2020 ਦੀ ਕਰੰਸੀ ਨੀਤੀ ਸਮੀਖਿਅਾ ’ਚ ਰਿਜ਼ਰਵ ਬੈਂਕ ਵੱਲੋਂ ਦਰ ਨੂੰ ਸਥਿਰ ਬਣਾਏ ਰੱਖਣ ਦਾ ਅੰਦਾਜ਼ਾ ਹੈ।

Karan Kumar

This news is Content Editor Karan Kumar