ਭਾਰਤ ਦਾ ਵਾਹਨ ਨਿਰਯਾਤ 2020 ’ਚ 18.87 ਫੀਸਦੀ ਹੋਇਆ ਘੱਟ

01/15/2021 4:26:04 PM

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਸਾਲ 2020 ’ਚ ਭਾਰਤ ਤੋਂ ਵਾਹਨਾਂ ਦਾ ਨਿਰਯਾਤ 18.87 ਫੀਸਦੀ ਘੱਟ ਹੋ ਗਿਆ ਹੈ। ਵਾਹਨ ਨਿਰਮਾਤਾ ਕੰਪਨੀਆਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨਿਊਫੈਕਚਰਿੰਗ (ਸਿਆਮ) ਦੇ ਅੰਕੜਿਆਂ ’ਚ ਇਸ ਦੀ ਜਾਣਕਾਰੀ ਮਿਲੀ ਹੈ। ਸਿਆਮ ਨੇ ਕਿਹਾ ਕਿ ਪਿਛਲੇ ਸਾਲ ਭਾਰਤ ਤੋਂ 38,65,138 ਵਾਹਨਾਂ ਦਾ ਨਿਰਯਾਤ ਕੀਤਾ ਗਿਆ ਜਦੋਂਕਿ 2019 ’ਚ 47,63,960 ਵਾਹਨਾਂ ਦਾ ਨਿਰਯਾਤ ਕੀਤਾ ਗਿਆ ਸੀ।

ਵਾਹਨਾਂ ਦੇ ਨਿਰਯਾਤ ’ਚ ਗਿਰਾਵਟ ਆਉਣ ਦਾ ਇਕ ਮੁੱਖ ਕਾਰਨ ਯਾਤਰੀ ਵਾਹਨਾਂ ਦਾ ਨਿਰਯਾਤ ਘੱਟ ਹੋ ਜਾਣਾ ਰਿਹਾ। ਇਸ ਦੌਰਾਨ ਯਾਤਰੀ ਵਾਹਨਾਂ ਦਾ ਨਿਰਯਾਤ ਸਾਲ ਭਰ ਪਹਿਲਾਂ ਦੀ 7,06,159 ਇਕਾਈਆਂ ਦੀ ਤੁਲਨਾ ’ਚ 39.38 ਫੀਸਦੀ ਘੱਟ ਕੇ 4,28,098 ਇਕਾਈਆਂ ’ਤੇ ਆ ਗਿਆ। ਇਸ ਦੌਰਾਨ ਯਾਤਰੀ ਕਾਰਾਂ ਦਾ ਨਿਰਯਾਤ 47.89 ਫੀਸਦੀ ਘੱਟ ਕੇ 2,76,808 ਇਕਾਈਆਂ ’ਤੇ ਆ ਗਿਆ। 2019 ’ਚ 5,31,226 ਯਾਤਰੀ ਕਾਰਾਂ ਦਾ ਨਿਰਯਾਤ ਕੀਤਾ ਗਿਆ ਸੀ। 
ਯੂਟੀਲਿਟੀ ਵਾਹਨਾਂ ਦਾ ਨਿਰਯਾਤ ਵੀ ਇਸ ਮਿਆਦ ’ਚ 1,71,440 ਇਕਾਈਆਂ ਦੀ ਤੁਲਨਾ ’ਚ 12.60 ਫੀਸਦੀ ਘੱਟ ਹੋ ਕੇ 1,49,842 ਇਕਾਈਆਂ ’ਤੇ ਆ ਗਿਆ ਹੈ। ਨਿਰਯਾਤ ’ਚ ਪ੍ਰਮੁੱਖ ਯੋਗਦਾਨ ਦੇਣ ਵਾਲੇ ਇਕ ਹੋਰ ਖੰਡ ਦੋਪਹੀਆ ’ਚ ਵੀ ਗਿਰਾਵਟ ਦੇਖਣ ਨੂੰ ਮਿਲੀ। ਇਸ ਦਾ ਨਿਰਯਾਤ 34,52,025 ਇਕਾਈਆਂ ਤੋਂ 12.92 ਫੀਸਦੀ ਘੱਟ ਹੋ ਕੇ 30,06,589 ਇਕਾਈਆਂ ’ਤੇ ਆ ਗਿਆ ਹੈ। ਸਕੂਟਰਾਂ ਦਾ ਨਿਰਯਾਤ 3,72,025 ਇਕਾਈਆਂ ਤੋਂ 37.28 ਫੀਸਦੀ ਡਿੱਗ ਕੇ 2,33,327 ਇਕਾਈਆਂ ’ਤੇ ਆ ਗਿਆ। 
ਮੋਟਰਸਾਈਕਲ ਦਾ ਨਿਰਯਾਤ ਵੀ 2020 ’ਚ 9.87 ਫੀਸਦੀ ਘੱਟ ਕੇ 27,64,301 ਇਕਾਈ ਰਿਹਾ ਜੋ 2019 ’ਚ 30,67,153 ਇਕਾਈ ਸੀ। ਇਸ ਤਰ੍ਹਾਂ 2019 ’ਚ 5,29,454 ਇਕਾਈਆਂ ਦੇ ਨਿਰਯਾਤ ਦੀ ਤੁਲਨਾ ’ਚ ਤਿੰਨ ਪਹੀਆ ਵਾਹਨਾਂ ਦਾ ਨਿਰਯਾਤ 27.71 ਫੀਸਦੀ ਘੱਟ ਹੋ ਕੇ 3,82,756 ਇਕਾਈਆਂ ’ਤੇ ਆ ਗਿਆ। ਸਿਆਮ ਨੇ ਕਿਹਾ ਕਿ ਕੁੱਲ ਵਪਾਰਕ ਵਾਹਨਾਂ ਦਾ ਨਿਰਯਾਤ 2019 ਦੀ 70,702 ਇਕਾਈਆਂ ਦੀ ਤੁਲਨਾ ’ਚ 2020 ’ਚ 36.80 ਫੀਸਦੀ ਘੱਟ ਕੇ 44,687 ਇਕਾਈ ਰਿਹਾ।

Aarti dhillon

This news is Content Editor Aarti dhillon