ਅਡਾਨੀ ਦੇ ਸ਼ੇਅਰਾਂ ’ਚ ਤੇਜ਼ੀ ਬਰਕਰਾਰ, ਅਡਾਨੀ ਐਂਟਰਪ੍ਰਾਈਜਿਜ਼ 13 ਫ਼ੀਸਦੀ ਚੜ੍ਹਿਆ

05/24/2023 1:20:13 PM

ਨਵੀਂ ਦਿੱਲੀ (ਭਾਸ਼ਾ) - ਅਡਾਨੀ ਸਮੂਹ ਦੀਆਂ ਸਾਰੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ’ਚ ਤੇਜ਼ੀ ਦਾ ਸਿਲਸਿਲਾ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ। ਇਸ ’ਚ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜਿਜ਼ 13 ਫ਼ੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਸਭ ਤੋਂ ਅੱਗੇ ਰਹੀ। ਬੀ. ਐੱਸ. ਈ. ’ਚ ਅਡਾਨੀ ਐਂਟਰਪ੍ਰਾਈਜਿਜ਼ ਦਾ ਸ਼ੇਅਰ 13.19 ਫ਼ੀਸਦੀ ਚੜ੍ਹ ਗਿਆ, ਜਦਕਿ ਅਡਾਨੀ ਵਿਲਮਰ ਦੇ ਸ਼ੇਅਰ ’ਚ 9.99 ਫ਼ੀਸਦੀ ਦੀ ਬੜ੍ਹਤ ਰਹੀ। ਅਡਾਨੀ ਪਾਵਰ 5 ਫ਼ੀਸਦੀ, ਅਡਾਨੀ ਟ੍ਰਾਂਸਮਿਸ਼ਨ 5, ਅਡਾਨੀ ਗ੍ਰੀਨ ਐਨਰਜੀ 5, ਅਡਾਨੀ ਟੋਟਲ ਗੈਸ 5 ਅਤੇ ਐੱਨ. ਡੀ. ਟੀ. ਵੀ. 4.99 ਫ਼ੀਸਦੀ ਚੜ੍ਹ ਗਿਆ। ਇਨ੍ਹਾਂ ਦੇ ਨਾਲ ਹੀ ਅੰਬੂਜਾ ਸੀਮੈਂਟਸ ਦੇ ਸ਼ੇਅਰਾਂ ’ਚ 0.90 ਫ਼ੀਸਦੀ, ਅਡਾਨੀ ਪੋਰਟਸ ’ਚ 0.53 ਫ਼ੀਸਦੀ ਅਤੇ ਏ. ਸੀ. ਸੀ. ਵਿਚ 0.25 ਫ਼ੀਸਦੀ ਦੀ ਬੜ੍ਹਤ ਦਰਜ ਕੀਤੀ ਗਈ।

ਇਹ ਵੀ ਪੜ੍ਹੋ : ਜੀ-7 ਦੇਸ਼ਾਂ ਦਾ ਰੂਸ ਖ਼ਿਲਾਫ਼ ਵੱਡਾ ਐਕਸ਼ਨ, ਭਾਰਤ ’ਚ 10 ਲੱਖ ਲੋਕਾਂ ਦਾ ਰੁਜ਼ਗਾਰ ਖ਼ਤਰੇ 'ਚ

ਕੁੱਝ ਕੰਪਨੀਆਂ ਦੇ ਸ਼ੇਅਰਾਂ ’ਚ ਉੱਪਰਲਾ ਸਰਕਟ
ਕਾਰੋਬਾਰ ਦੌਰਾਨ ਸਮੂਹ ਦੀਆਂ ਕੁੱਝ ਕੰਪਨੀਆਂ ਦੇ ਸ਼ੇਅਰਾਂ ’ਚ ਉੱਪਰਲਾ ਸਰਕਟ ਵੀ ਲੱਗਾ। ਇਹ ਅਡਾਨੀ ਸਮੂਹ ਦੀਆਂ ਕੰਪਨੀਆਂ ’ਚ ਤੇਜ਼ੀ ਦਾ ਲਗਾਤਾਰ ਤੀਜਾ ਕਾਰੋਬਾਰੀ ਦਿਨ ਰਿਹਾ। ਇਨ੍ਹਾਂ ਤਿੰਨਾਂ ਦਿਨਾਂ ’ਚ ਸਮੂਹ ਦੇ ਕੁੱਲ ਬਾਜ਼ਾਰ ਮੁਲਾਂਕਣ ’ਚ 1,77,927.29 ਕਰੋੜ ਰੁਪਏ ਦੀ ਬੜ੍ਹਤ ਦਰਜ ਕੀਤੀ ਗਈ। ਇਸ ਤਰ੍ਹਾਂ ਸਮੂਹ ਦੀਆਂ ਸਾਰੀਆਂ ਸੂਚੀਬੱਧ ਕੰਪਨੀਆਂ ਦਾ ਸ਼ੁੱਧ ਰੂਪ ਨਾਲ ਬਾਜ਼ਾਰ ਮੁਲਾਂਕਣ ਵਧ ਕੇ 10,79,497.65 ਕਰੋੜ ਹੋ ਗਿਆ। ਹਿੰਡਨਬਰਗ ਰਿਸਰਚ ਦੀ ਖੋਜ ਰਿਪੋਰਟ ਬੀਤੀ 24 ਜਨਵਰੀ ਨੂੰ ਆਉਣ ਤੋਂ ਬਾਅਦ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਬਾਜ਼ਾਰ ਮੁਲਾਂਕਣ ’ਚ ਵੱਡੀ ਗਿਰਾਵਟ ਆਈ ਸੀ।

ਇਹ ਵੀ ਪੜ੍ਹੋ :  2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ

ਹਾਲਾਂਕਿ ਪਿਛਲੇ 2 ਮਹੀਨੇ ਵਿਚ ਸਥਿਤੀ ’ਚ ਸੁਧਾਰ ਹੋਇਆ ਹੈ। ਬੀਤੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਲੋਂ ਗਠਿਤ ਮਾਹਰ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਸਮੂਹ ਦੇ ਸ਼ੇਅਰਾਂ ’ਚ ਕਾਫ਼ੀ ਤੇਜ਼ੀ ਦੇਖੀ ਜਾ ਰਹੀ ਹੈ। ਕਮੇਟੀ ਨੇ ਕਿਹਾ ਸੀ ਕਿ ਸੇਬੀ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਦੇ ਆਧਾਰ ’ਤੇ ਪਹਿਲੀ ਨਜ਼ਰ ’ਚ ਸ਼ੇਅਰਾਂ ਦੇ ਭਾਅ ’ਚ ਹੇਰਾਫੇਰੀ ਦੇ ਸੰਦਰਭ ’ਚ ਰੈਗੂਲੇਟਰੀ ਅਸਫਲਤਾ ਬਾਰੇ ਕੋਈ ਨਤੀਜਾ ਕੱਢਣਾ ਉਸ ਲਈ ਸੰਭਵ ਨਹੀਂ ਹੋਵੇਗਾ।

rajwinder kaur

This news is Content Editor rajwinder kaur