ਸਟਾਰਟਅਪ ਕੰਪਨੀਆਂ ਲਈ ਆਮਦਨ ਟੈਕਸ ਵਿਭਾਗ ਨੇ ਨਿਯਮਾਂ 'ਚ ਦਿੱਤੀ ਰਾਹਤ

08/09/2019 3:06:13 PM

ਨਵੀਂ ਦਿੱਲੀ — ਆਮਦਨ ਟੈਕਸ ਵਿਭਾਗ ਨੇ ਸਟਾਰਟਅਪ ਕੰਪਨੀਆਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੇ ਮੁਲਾਂਕਣ ਅਤੇ ਜਾਂਚ ਨਿਯਮਾਂ ਵਿਚ ਛੋਟ ਦੇਣ ਦਾ ਫੈਸਲਾ ਕੀਤਾ ਹੈ। ਵਿਭਾਗ ਨੇ ਇਕ ਸਰਕੂਲਰ 'ਚ ਆਪਣੇ ਅਧਿਕਾਰੀਆਂ ਨੂੰ ਉਨ੍ਹਾਂ ਸਟਾਰਟਅਪ ਕੰਪਨੀਆਂ ਕੋਲੋਂ ਵਾਧੂ ਟੈਕਸ ਨਾ ਮੰਗਣ ਦਾ ਨਿਰਦੇਸ਼ ਦਿੱਤਾ ਹੈ ਜਿਨ੍ਹਾਂ ਨੂੰ DEPARTMENT FOR PROMOTION OF INDUSTRY AND INTERNAL TRADE(DPIIT) ਤੋਂ ਮਾਨਤਾ ਮਿਲੀ ਹੋਈ ਹੈ। ਇਹ ਛੋਟ ਉਨ੍ਹਾਂ ਮਾਮਲਿਆਂ 'ਚ ਲਾਗੂ ਹੋਵੇਗੀ ਜਿਥੇ ਜਾਂਚ ਆਮਦਨ ਟੈਕਸ ਦੀ ਧਾਰਾ 56 (2)(7ਬੀ) ਤੱਕ ਸੀਮਤ ਹੈ ਜਿਸ ਨੂੰ ਆਮ ਬੋਲਚਾਲ 'ਚ ਏਂਜਲ ਟੈਕਸ ਕਿਹਾ ਜਾਂਦਾ ਹੈ। ਗੈਰ-ਸੂਚੀਬੱਧ ਕੰਪਨੀਆਂ ਵਲੋਂ ਸ਼ੇਅਰ ਜਾਰੀ ਕਰਕੇ ਇਕੱਠੀ ਕੀਤੀ ਗਈ ਪੂੰਜੀ 'ਤੇ ਲੱਗਣ ਵਾਲਾ ਆਮਦਨ ਟੈਕਸ ਏਂਜਲ ਟੈਕਸ ਹੁੰਦਾ ਹੈ। ਇਹ ਉਨ੍ਹਾਂ ਮਾਮਲਿਆਂ ਵਿਚ ਲੱਗਦਾ ਹੈ ਜਿਥੇ ਸ਼ੇਅਰ ਬਜ਼ਾਰ ਦੀ ਕੀਮਤ ਉਚਿਤ ਬਜ਼ਾਰ ਮੁੱਲ ਤੋਂ ਜ਼ਿਆਦਾ ਮੰਨੀ ਜਾਂਦੀ ਹੈ। 

ਸਰਕੂਲਰ ਵਿਚ ਕਿਹਾ ਗਿਆ ਹੈ ਕਿ ਮੁਲਾਂਕਣ ਅਧਿਕਾਰੀ ਟੈਕਸ ਮੁਲਾਂਕਣ ਦੀ ਕਾਰਵਾਈ ਦੇ ਦੌਰਾਨ ਅਜਿਹੇ ਮਾਮਲਿਆਂ ਦੀ ਕੋਈ ਤਸਦੀਕ ਨਹੀਂ ਕਰੇਗਾ ਅਤੇ ਮਾਨਤਾ ਪ੍ਰਾਪਤ ਸਟਾਰਟਅਪ ਕੰਪਨੀਆਂ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਤੁਰੰਤ ਮੰਨ ਲਿਆ ਜਾਵੇਗਾ। 

ਇਸ ਤੋਂ ਇਲਾਵਾ ਜੇਕਰ ਸਟਾਰਟਅਪ ਕੰਪਨੀਆਂ (DPIIT)  ਤੋਂ ਮਾਨਤਾ ਪ੍ਰਾਪਤ ਨਹੀਂ ਹਨ ਤਾਂ ਮੁਲਾਂਕਣ ਅਧਿਕਾਰੀ ਨੂੰ ਏਂਜਲ ਟੈਕਸ ਸਮੇਤ ਕਿਸੇ ਵੀ ਮੁੱਦੇ ਦੀ ਜਾਂਚ ਕਰਨ ਜਾਂ ਤਸਦੀਕ ਕਰਨ ਲਈ ਆਪਣੇ ਸੀਨੀਅਰ ਅਧਿਕਾਰੀ ਦੀ ਆਗਿਆ ਲੈਣੀ ਹੋਵੇਗੀ।