ਨੌਕਰੀਪੇਸ਼ਾ ਲੋਕਾਂ ਨੂੰ ਇਨਕਮ ਟੈਕਸ 'ਤੇ ਮਿਲੇਗੀ ਰਾਹਤ!

01/21/2019 10:06:27 AM

ਨਵੀਂ ਦਿੱਲੀ— ਵਿੱਤੀ ਸਾਲ 2019-20 ਦੇ ਅੰਤਰਿਮ ਬਜਟ 'ਚ ਮਿਡਲ ਅਤੇ ਨੌਕਰੀਪੇਸ਼ਾ ਵਰਗਾਂ ਨੂੰ ਇਨਕਮ ਟੈਕਸ 'ਚ ਰਾਹਤ ਦੇਣ ਲਈ ਮੋਦੀ ਸਰਕਾਰ ਅਹਿਮ ਕਦਮ ਉਠਾ ਸਕਦੀ ਹੈ। ਇਨਕਮ ਟੈਕਸ 'ਚ ਛੋਟ ਦੀ 2.5 ਲੱਖ ਰੁਪਏ ਦੀ ਮੌਜੂਦਾ ਲਿਮਟ ਵਧਾਈ ਜਾ ਸਕਦੀ ਹੈ। 

ਹਾਲਾਂਕਿ ਸਰਕਾਰ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਕਿ ਇਨਕਮ ਟੈਕਸ ਕਾਨੂੰਨ 'ਚ ਸੋਧ ਲਈ ਵਿੱਤੀ ਬਿੱਲ 'ਚ ਇਹ ਵਿਵਸਥਾ ਕੀਤੀ ਜਾਵੇ ਜਾਂ ਪਰੰਪਰਾ ਮੁਤਾਬਕ ਅੰਤਰਿਮ ਬਜਟ 'ਚ ਸਿਰਫ ਇਸ ਦਾ ਐਲਾਨ ਕੀਤਾ ਜਾਵੇ। ਸਿਹਤ ਜਾਂਚ ਲਈ ਨਿਊਯਾਰਕ ਗਏ ਵਿੱਤ ਮੰਤਰੀ ਅਰੁਣ ਜੇਤਲੀ ਇਸ ਮਹੀਨੇ ਦੇ ਅੰਤ 'ਚ ਵਾਪਸ ਆਉਣਗੇ ਅਤੇ ਉਨ੍ਹਾਂ ਵੱਲੋਂ ਹੀ ਬਜਟ ਪੇਸ਼ ਕੀਤੇ ਜਾਣ ਦੀ ਉਮੀਦ ਹੈ।

ਇਕ ਉੱਚ ਅਧਿਕਾਰੀ ਨੇ ਕਿਹਾ ਕਿ ਸਰਕਾਰ 'ਚ ਇਸ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਪਰੰਪਰਾ ਨਿਭਾਈ ਜਾਵੇ ਜਾਂ ਨਹੀਂ। ਅਧਿਕਾਰੀ ਮੁਤਾਬਕ ਅੰਤਰਿਮ ਬਜਟ 'ਚ ਇਨਕਮ ਟੈਕਸ 'ਚ ਛੋਟ ਲਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਹਾਲਾਂਕਿ ਸਰਕਾਰ ਨਹੀਂ ਚਾਹੁੰਦੀ ਕਿ ਬਜਟ ਇਜਲਾਸ 'ਚ ਵਿਰੋਧੀ ਧਿਰਾਂ ਇਸ ਨੂੰ ਲੈ ਕੇ ਹੰਗਾਮਾ ਕਰਨ। ਇਸ ਲਈ ਸਰਕਾਰ ਕਹਿ ਸਕਦੀ ਹੈ ਕਿ ਜੇਕਰ ਭਾਜਪਾ ਫਿਰ ਤੋਂ ਸੱਤਾ 'ਚ ਆਈ ਤਾਂ ਇਨ੍ਹਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ। ਹਾਲਾਂਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਸਰਕਾਰ ਨੂੰ ਅੰਤਰਿਮ ਬਜਟ 'ਚ ਪ੍ਰਤੱਖ ਟੈਕਸ 'ਚ ਬਦਲਾਅ ਬਾਰੇ ਵੱਡੇ ਐਲਾਨ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਤੋਂ ਰੋਕਦਾ ਹੋਵੇ। ਇਕ ਅਧਿਕਾਰੀ ਨੇ ਕਿਹਾ ਕਿ ਬਜਟ ਭਾਸ਼ਣ 'ਚ ਜੇਤਲੀ ਤਨਖਾਹਦਾਰਾਂ ਅਤੇ ਮਿਡਲ ਕਲਾਸ ਨੂੰ ਧੰਨਵਾਦ ਦੇ ਸਕਦੇ ਹਨ ਅਤੇ ਉਹ ਕਹਿ ਸਕਦੇ ਹਨ ਕਿ ਸਰਕਾਰ ਉਨ੍ਹਾਂ ਦੀਆਂ ਜ਼ਰੂਰਤਾਂ ਤੋਂ ਜਾਣੂ ਹੈ ਅਤੇ ਜੁਲਾਈ ਦੇ ਬਜਟ 'ਚ ਜ਼ਰੂਰੀ ਕਦਮ ਚੁੱਕੇ ਜਾਣਗੇ। ਪਿਛਲੇ ਹਫਤੇ ਮੁੰਬਈ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਜੇਤਲੀ ਨੇ ਕਿਹਾ ਸੀ ਕਿ ਸਰਕਾਰ ਪਰੰਪਰਾ ਮੁਤਾਬਕ ਕੰਮ ਕਰੇਗੀ ਪਰ ਅੰਤਰਿਮ ਬਜਟ ਦਾ ਫੈਸਲਾ ਅਰਥਵਿਵਸਥਾ ਨੂੰ ਧਿਆਨ 'ਚ ਰੱਖ ਕੇ ਕੀਤਾ ਜਾਵੇਗਾ।