ਨਵੇਂ ਸਾਲ ’ਚ ਰਸੋਈ ਦਾ ਬਜਟ ਹੋਰ ਵਿਗਾੜੇਗੀ ਮਹਿੰਗਾਈ

12/21/2019 10:35:40 AM

ਨਵੀਂ ਦਿੱਲੀ  — ਪਿਆਜ਼ ਦੀਆਂ ਅਾਸਮਾਨ ਛੂੰਹਦੀਆਂ ਕੀਮਤਾਂ ਦੇ ਮੱਦੇਨਜ਼ਰ ਲੋਕਾਂ ਨੇ ਭਾਵੇਂ ਪਿਆਜ਼ ਤੋਂ ਬਿਨਾਂ ਸਬਜ਼ੀ ਖਾਣ ਦੀ ਆਦਤ ਪਾ ਲਈ ਹੋਵੇ ਪਰ ਇਸ ਕੰਜੂਸੀ ਨਾਲ ਉਨ੍ਹਾਂ ਦੇ ਘਰ ਦਾ ਬਜਟ ਸੰਭਲਣ ਵਾਲਾ ਨਹੀਂ ਕਿਉਂਕਿ ਸਿਰਫ ਪਿਆਜ਼ ਹੀ ਨਹੀਂ, ਆਮ ਆਦਮੀ ਦੀ ਰਸੋਈ ’ਚ ਵਰਤੋਂ ’ਚ ਲਿਆਂਦੀਆਂ ਜਾਣ ਵਾਲੀਆਂ ਕਰੀਬ 2 ਦਰਜਨ ਵਸਤੂਆਂ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋਇਆ ਹੈ, ਜਿਸ ਕਾਰਣ ਸੁਆਣੀਆਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਦੂਜੇ ਪਾਸੇ ਪਿਆਜ਼, ਆਲੂ, ਦਾਲ, ਗੰਨਾ ਆਦਿ ਦੀ ਪੈਦਾਵਾਰ ਕਰਨ ਵਾਲੇ ਸੂਬਿਆਂ ’ਚ ਹੜ੍ਹ ਅਤੇ ਭਾਰੀ ਮੀਂਹ ਕਾਰਣ ਫਸਲ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ’ਚ ਨਵੇਂ ਸਾਲ ’ਚ ਵੀ ਤੇਜ਼ੀ ਬਣੇ ਰਹਿਣ ਦੇ ਆਸਾਰ ਹਨ।

ਸਰਕਾਰ ਉਠਾ ਰਹੀ ਠੋਸ ਕਦਮ : ਤੋਮਰ

ਹਾਲ ਹੀ ’ਚ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲੋਕਸਭਾ ’ਚ ਕਿਹਾ ਕਿ ਉਤਪਾਦਨ ਘੱਟ ਹੋਣ ਦੀ ਵਜ੍ਹਾ ਨਾਲ ਪਿਆਜ਼ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਸਰਕਾਰ ਪਿਆਜ਼ ਦੀ ਬਰਾਮਦ ਬੰਦ ਕਰਨ ਅਤੇ ਵੱਖ-ਵੱਖ ਦੇਸ਼ਾਂ ਤੋਂ ਦਰਾਮਦ ਕਰਨ ਵਰਗੇ ਕਦਮ ਉਠਾਉਣ ਤੋਂ ਇਲਾਵਾ ਵੱਖ-ਵੱਖ ਸੂਬਿਆਂ ਨਾਲ ਮਿਲ ਕੇ ਇਸ ਸਮੱਸਿਆ ਨਾਲ ਨਜਿੱਠਣ ਲਈ ਠੋਸ ਕਦਮ ਉਠਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਤੋਂ ਪਿਆਜ਼ ਦੇ ਉਤਪਾਦਨ ਨੂੰ ਲੈ ਕੇ ਜੋ ਅਨੁਮਾਨ ਦਿੱਤਾ ਗਿਆ ਸੀ, ਉਸ ਤੋਂ ਘੱਟ ਫਸਲ ਹੋਈ ਹੈ। ਅਜਿਹੇ ’ਚ ਕੀਮਤਾਂ ’ਚ ਵਾਧਾ ਹੋਇਆ ਪਰ ਸਵਾਲ ਸਿਰਫ ਪਿਆਜ਼ ਦੀਆਂ ਕੀਮਤਾਂ ਦਾ ਹੀ ਨਹੀਂ ਹੈ , ਸਗੋਂ ਆਲੂ ਦੀਆਂ ਕੀਮਤਾਂ ਵੀ ਵਧੀਆਂ ਹਨ, ਦੁੱਧ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ ਅਤੇ ਹੁਣ ਖੰਡ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਅਜਿਹੇ ਖਦਸ਼ੇ ਜਤਾਏ ਜਾ ਰਹੇ ਹਨ ਕਿ ਨਵੇਂ ਸਾਲ ਤੱਕ ਖੰਡ ਦੀਆਂ ਕੀਮਤਾਂ ’ਚ 10 ਤੋਂ 20 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ।

ਦਾਲਾਂ ਨੇ ਵੀ ਤੋੜੇ ਰਿਕਾਰਡ

ਸਰਦ ਰੁੱਤ ਸੈਸ਼ਨ ਦੌਰਾਨ ਹੀ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਲੋਕਸਭਾ ’ਚ 22 ਜ਼ਰੂਰੀ ਖੁਰਾਕੀ ਪਦਾਰਥਾਂ ਦੀਆਂ ਪ੍ਰਚੂਨ ਕੀਮਤਾਂ ਦਾ ਬਿਓਰਾ ਪੇਸ਼ ਕੀਤਾ। ਇਸ ’ਚ ਜਨਵਰੀ ਤੋਂ ਦਸੰਬਰ, 2019 ਤੱਕ ਦੇ ਅੰਕੜੇ ਦਿੱਤੇ ਗਏ। ਇਹ ਸਰਕਾਰੀ ਅੰਕੜੇ ਦੱਸ ਰਹੇ ਹਨ ਕਿ ਮਹਿੰਗਾਈ ਕਿਸ ਕਦਰ ਪੂਰੇ ਸਾਲ ਆਮ ਆਦਮੀ ਦੀ ਜੇਬ ’ਤੇ ਅਸਰ ਕਰਦੀ ਰਹੀ। ਅਰਹਰ ਦੀ, ਜੋ ਦਾਲ ਜਨਵਰੀ 2019 ’ਚ 72.84 ਰੁਪਏ ਪ੍ਰਤੀ ਕਿਲੋ ਵਿਕੀ ਸੀ, ਉਸ ਦੀ ਕੀਮਤ ਦਸੰਬਰ ਤੱਕ ਆਉਂਦੇ-ਆਉਂਦੇ 88.50 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ। ਇਸੇ ਤਰ੍ਹਾਂ ਮਾਂਹ ਦੀ ਦਾਲ 71.83 ਰੁਪਏ ਪ੍ਰਤੀ ਕਿਲੋ ਤੋਂ 95.25 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ।

ਵਧ ਸਕਦੀਆਂ ਹਨ ਖੰਡ ਦੀਆਂ ਕੀਮਤਾਂ

ਇਸੇ ਤਰ੍ਹਾਂ ਸਰ੍ਹੋਂ, ਸੂਰਜਮੁਖੀ, ਸੋਇਆ ਆਦਿ ਤੇਲਾਂ ਦੀਆਂ ਕੀਮਤਾਂ ਤੋਂ ਲੈ ਕੇ ਦੁੱਧ, ਖੰਡ ਅਤੇ ਚਾਹ ਪੱਤੀ ਤੋਂ ਲੈ ਕੇ ਲੂਣ ਦੀਆਂ ਕੀਮਤਾਂ ਤੱਕ ’ਚ ਵਾਧਾ ਹੋਇਆ। ਸੂਤਰਾਂ ਦੀਆਂ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਦੇਸ਼ ’ਚ ਖੰਡ ਦੀਆਂ ਕੀਮਤਾਂ ’ਚ 10 ਤੋਂ 20 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਪਿਛਲੇ ਸਾਲ ਪਏ ਸੋਕੇ, ਮਾਨਸੂਨ ’ਚ ਦੇਰੀ ਅਤੇ ਮਹਾਰਾਸ਼ਟਰ ਤੇ ਕਰਨਾਟਕ ਸਮੇਤ ਗੰਨਾ ਉਤਪਾਦਕ ਸੂਬਿਆਂ ’ਚ ਹੜ੍ਹ ਨਾਲ ਹੋਏ ਨੁਕਸਾਨ ਕਾਰਣ ਖੰਡ ਦੇ ਉਤਪਾਦਨ ’ਤੇ ਅਸਰ ਪੈਣ ਦਾ ਖਦਸ਼ਾ ਹੈ।