ਬਾਜ਼ਾਰ ''ਚ ਛੋਟ ਦੀ ਬਹਾਰ, ਇਨ੍ਹਾਂ ਦੀ ਲੱਗੀ ਬੰਪਰ ਸੇਲ!

06/28/2017 3:48:29 PM

ਨਵੀਂ ਦਿੱਲੀ— ਜੀ. ਐੱਸ. ਟੀ. ਲਾਗੂ ਹੋਣ 'ਚ ਹੁਣ ਸਿਰਫ ਤਿੰਨ ਬਚੇ ਹਨ। 30 ਤਰੀਕ ਦੀ ਅੱਧੀ ਰਾਤ ਨੂੰ ਜੀ. ਐੱਸ. ਟੀ. ਲਾਗੂ ਕਰ ਦਿੱਤਾ ਜਾਵੇਗਾ। ਇਸ ਦੇ ਲਾਗੂ ਹੋਣ ਤੋਂ ਪਹਿਲਾਂ ਦੋ-ਪਹੀਆ, ਕਾਰਾਂ, ਇਲੈਕਟ੍ਰਾਨਿਕਸ, ਮੋਬਾਇਲ ਕੰਪਨੀਆਂ ਦੇ ਨਾਲ-ਨਾਲ ਪਰਚੂਨ ਕੰਪਨੀਆਂ ਨੇ ਵੀ ਮਾਲ ਕੱਢਣ ਲਈ ਕੀਮਤਾਂ 'ਚ ਭਾਰੀ ਕਟੌਤੀ ਦਾ ਐਲਾਨ ਕੀਤਾ ਹੈ। 
ਇਸ ਤਹਿਤ ਲੀਵਾਇਸ 2 ਸਾਮਾਨ ਖਰੀਦਣ 'ਤੇ 2 ਚੀਜ਼ਾਂ ਮੁਫਤ ਦੇ ਰਹੀ ਹੈ, ਜਦੋਂ ਕਿ ਫਲਾਇੰਗ ਮਸ਼ੀਨ 50 ਫੀਸਦੀ ਦੀ ਛੋਟ ਅਤੇ ਪੇਪੇ ਜੀਨਸ 'ਤਿੰਨ ਖਰੀਦਣ 'ਤੇ ਤਿੰਨ ਮੁਫਤ' ਆਫਰ ਚਲਾ ਰਹੇ ਹਨ। ਉੱਥੇ ਹੀ, ਪਿਊਮਾ ਬਰਾਂਡ ਵੀ ਆਪਣੇ ਸਟੋਰਾਂ 'ਤੇ 40 ਫੀਸਦੀ ਤਕ ਦੀ ਛੋਟ ਦੇ ਰਿਹਾ ਹੈ। 
ਇਸ ਤੋਂ ਇਲਾਵਾ ਫਲਿੱਪਕਾਰਟ, ਐਮਾਜ਼ੋਨ, ਪੇਟੀਐੱਮ 'ਤੇ ਵੀ ਜੀ. ਐੱਸ. ਟੀ. ਤੋਂ ਪਹਿਲਾਂ ਕਈ ਸਾਰੇ ਸਾਮਾਨਾਂ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਕਈ ਸਾਰੇ ਸ਼ਹਿਰਾਂ ਦੇ ਬਾਜ਼ਾਰਾਂ 'ਚ ਰਿਟੇਲਰਾਂ ਨੇ ਮਾਲ ਕੱਢਣ ਲਈ ਜੀ. ਐੱਸ. ਟੀ. ਤੋਂ ਪਹਿਲਾਂ 20 ਤੋਂ 50 ਫੀਸਦੀ ਤਕ ਦੀ ਛੋਟ ਦੇਣ ਦੇ ਬੋਰਡ ਲਾ ਰੱਖੇ ਹਨ। 30 ਤਰੀਕ ਤਕ ਬਾਜ਼ਾਰ 'ਚ ਛੋਟ ਦੀ ਬਹਾਰ ਆ ਸਕਦੀ ਹੈ। 
ਆਟੋ ਸੈਕਟਰ ਦੀ ਗੱਲ ਕਰੀਏ ਤਾਂ ਇਸ ਤਹਿਤ ਬਜਾਜ, ਰਾਇਲ ਐਨਫੀਲਡ, ਟੀ. ਵੀ. ਐੱਸ., ਹੁੰਡਈ, ਔਡੀ, ਮਹਿੰਦਰਾ ਅਤੇ ਫੋਰਡ ਵਰਗੀਆਂ ਕੰਪਨੀਆਂ ਵੀ ਭਾਰੀ ਛੋਟ ਦੇ ਰਹੀਆਂ ਹਨ। ਬਜਾਜ ਆਟੋ ਨੇ ਇਕ ਬਿਆਨ 'ਚ ਕਿਹਾ ਕਿ ਜੀ. ਐੱਸ. ਟੀ. ਲਾਗੂ ਹੋਣ 'ਤੇ ਜ਼ਿਆਦਾਤਰ ਸੂਬਿਆਂ 'ਚ ਮੋਟਰਸਾਈਕਲਾਂ 'ਤੇ ਟੈਕਸ ਦੀ ਦਰ ਘੱਟ ਹੋਵੇਗੀ। ਹਾਲਾਂਕਿ ਹਰੇਕ ਸੂਬੇ 'ਚ ਲਾਭ ਅਲੱਗ ਹੋਵੇਗਾ ਅਤੇ ਵੱਖ-ਵੱਖ ਮੋਟਰਸਾਈਕਲ ਮਾਡਲ 'ਤੇ ਵੀ ਇਹ ਅਲੱਗ ਹੋਵੇਗਾ।