ਈ-ਵੇਅ ਬਿੱਲ ''ਚ 10 ਸੂਬਿਆਂ ਦਾ ਹਿੱਸਾ 83 ਫ਼ੀਸਦੀ, ਗੁਜਰਾਤ ਪਹਿਲੇ ਨੰਬਰ ''ਤੇ

04/24/2018 2:53:04 PM

ਨਵੀਂ ਦਿੱਲੀ - ਈ-ਵੇਅ ਬਿੱਲ ਕੱਢਣ ਦੇ ਮਾਮਲੇ 'ਚ 10 ਸੂਬਿਆਂ ਦਾ ਹਿੱਸਾ 83 ਫ਼ੀਸਦੀ ਹੈ ਅਤੇ ਗੁਜਰਾਤ ਇਸ 'ਚ ਪਹਿਲੇ ਨੰਬਰ 'ਤੇ ਹੈ। ਵਸਤੂ ਅਤੇ ਸੇਵਾ ਕਰ ਨੈੱਟਵਰਕ (ਜੀ. ਐੱਸ. ਟੀ. ਐੱਨ.) ਨੇ ਦੱਸਿਆ ਕਿ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਜਿੰਨੇ ਈ-ਵੇਅ ਬਿੱਲ ਕੱਢੇ ਗਏ ਹਨ, ਉਨ੍ਹਾਂ 'ਚੋਂ 83 ਫ਼ੀਸਦੀ ਸਿਰਫ 10 ਸੂਬਿਆਂ 'ਚ ਕੱਢੇ ਗਏ। ਈ-ਵੇਅ ਪੋਰਟਲ ਤੋਂ 1 ਅਪ੍ਰੈਲ ਤੋਂ 22 ਅਪ੍ਰੈਲ ਦੌਰਾਨ ਕੁਲ 1.84 ਕਰੋੜ ਈ-ਵੇਅ ਬਿੱਲ ਕੱਢੇ ਗਏ ।  ਜੀ. ਐੱਸ. ਟੀ. ਐੱਨ. ਦੇ ਅੰਕੜਿਆਂ ਅਨੁਸਾਰ ਇਸ ਦੌਰਾਨ ਸਭ ਤੋਂ ਜ਼ਿਆਦਾ 34.41 ਲੱਖ ਈ-ਵੇਅ ਬਿੱਲ ਗੁਜਰਾਤ 'ਚ ਕੱਢੇ ਗਏ। ਦੂਜੇ ਨੰਬਰ 'ਤੇ 26.23 ਲੱਖ ਦੇ ਅੰਕੜੇ ਨਾਲ ਕਰਨਾਟਕ ਅਤੇ 21.06 ਦੇ ਅੰਕੜੇ ਦੇ ਨਾਲ ਮਹਾਰਾਸ਼ਟਰ ਤੀਸਰੇ ਨੰਬਰ 'ਤੇ ਰਿਹਾ। ਉੱਥੇ ਹੀ ਇਸ ਮਿਆਦ 'ਚ ਉੱਤਰ ਪ੍ਰਦੇਸ਼ 'ਚ 15.49 ਲੱਖ, ਹਰਿਆਣਾ 'ਚ 14.69 ਲੱਖ ਅਤੇ ਦਿੱਲੀ 'ਚ 10.94 ਲੱਖ ਈ-ਵੇਅ ਬਿੱਲ ਕੱਢੇ ਗਏ। ਸੂਤਰਾਂ ਅਨੁਸਾਰ 4 ਹੋਰ ਸੂਬੇ ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਸਿੱਕਮ ਤੇ ਮੇਘਾਲਿਆ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ 25 ਅਪ੍ਰੈਲ ਤੋਂ ਸੂਬੇ ਦੇ ਅੰਦਰ ਮਾਲ ਦੀ ਆਵਾਜਾਈ ਲਈ ਈ-ਵੇਅ ਬਿੱਲ ਪ੍ਰਣਾਲੀ ਸ਼ੁਰੂ ਕਰਨ ਜਾ ਰਹੇ ਹਨ।