ਗੁਆਂਢੀ ਦੇਸ਼ਾਂ ’ਚ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚੀ ਪਿਆਜ਼ ਦੀ ਕੀਮਤ

10/03/2019 10:43:36 AM

ਨਵੀਂ ਦਿੱਲੀ — ਨੇਪਾਲ, ਬੰਗਲਾਦੇਸ਼, ਮਲੇਸ਼ੀਆ ਤੋਂ ਲੈ ਕੇ ਸ਼੍ਰੀਲੰਕਾ ਤੱਕ ਦੇ ਭਾਰਤ ਦੇ ਜ਼ਿਆਦਾਤਰ ਗੁਆਂਢੀ ਦੇਸ਼ਾਂ ’ਚ ਪਿਆਜ਼ ’ਤੇ ਮਹਿੰਗਾਈ ਦੀ ਜ਼ਬਰਦਸਤ ਮਾਰ ਪਈ ਹੈ। ਦੁਨੀਆ ’ਚ ਪਿਆਜ਼ ਦੇ ਸਭ ਤੋਂ ਵੱਡੇ ਬਰਾਮਦਕਾਰ ਭਾਰਤ ਦੇ ਇਸ ਦੀ ਬਰਾਮਦ ’ਤੇ ਰੋਕ ਲਾਉਣ ਦੇ ਫੈਸਲੇ ਨਾਲ ਇਹ ਸੰਕਟ ਕੁਝ ਜ਼ਿਆਦਾ ਹੀ ਵਧ ਗਿਆ ਹੈ। ਦਰਅਸਲ ਭਾਰਤ ਆਪਣੇ ਗੁਆਂਢੀ ਦੇਸ਼ਾਂ ਦੀ ਪਿਆਜ਼ ਦੀ ਜ਼ਿਆਦਾਤਰ ਜ਼ਰੂਰਤ ਦੀ ਪੂਰਤੀ ਕਰਦਾ ਹੈ। ਭਾਰਤ ਦੀ ਬਰਾਮਦ ਰੋਕ ਦੇਣ ’ਤੇ ਗੁਆਂਢੀ ਦੇਸ਼ਾਂ ’ਚ ਪਿਆਜ਼ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਕਾਰਣ ਇਨ੍ਹਾਂ ਦੇਸ਼ਾਂ ਨੂੰ ਹੁਣ ਚੀਨ, ਮਿਆਂਮਾਰ, ਮਿਸਰ ਅਤੇ ਤੁਰਕੀ ਵਰਗੇ ਦੇਸ਼ਾਂ ਵੱਲ ਰੁਖ ਕਰਨਾ ਪੈ ਰਿਹਾ ਹੈ।

ਭਾਰਤ ’ਚ ਭਾਰੀ ਬਾਰਿਸ਼ ਕਾਰਣ ਪਿਆਜ਼ ਦੀ ਫਸਲ ’ਚ ਦੇਰੀ ਹੋ ਰਹੀ ਹੈ, ਜਿਸ ਦੀਆਂ ਕੀਮਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਿਛਲੇ ਐਤਵਾਰ ਨੂੰ ਸਥਾਨਕ ਕੀਮਤਾਂ 4500 ਰੁਪਏ ਪ੍ਰਤੀ ਕੁਇੰਟਲ ਦੇ ਪੱਧਰ ’ਤੇ ਪਹੁੰਚ ਗਈਆਂ ਸਨ, ਜੋ ਕਿ ਲਗਭਗ 6 ਸਾਲਾਂ ਦਾ ਉੱਚ ਪੱਧਰ ਹੈ। ਇਸ ਕਾਰਣ ਸਰਕਾਰ ਨੇ ਬਰਾਮਦ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਸੀ। ਨੇਪਾਲ ’ਚ ਪਿਛਲੇ ਇਕ ਮਹੀਨੇ ’ਚ ਪਿਆਜ਼ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ। ਇਸ ਦਾ ਅਸਰ ਦੂਜੇ ਗੁਆਂਢੀ ਦੇਸ਼ਾਂ ’ਤੇ ਵੀ ਪਿਆ ਹੈ।

ਸਰਕਾਰੀ ਅਧਿਕਾਰੀਆਂ ਅਤੇ ਟ੍ਰੇਡਰਜ਼ ਨੇ ਕਿਹਾ ਕਿ ਪਾਬੰਦੀ ਤੋਂ ਬਾਅਦ ਬੰਗਲਾਦੇਸ਼ ਵਰਗੇ ਦੇਸ਼ਾਂ ਨੇ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਮਿਆਂਮਾਰ, ਮਿਸਰ, ਤੁਰਕੀ ਅਤੇ ਚੀਨ ਵਰਗੇ ਦੇਸ਼ਾਂ ਨੂੰ ਪਿਆਜ਼ ਦੀ ਸਪਲਾਈ ਵਧਾਉਣ ਦੀ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਭਾਰਤੀ ਬਰਾਮਦ ਦੀ ਪੂਰਤੀ ਕਰਨਾ ਆਸਾਨ ਨਹੀਂ ਹੋਵੇਗਾ।

ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈੱਲਪਮੈਂਟ ਅਥਾਰਟੀ ਅਨੁਸਾਰ ਭਾਰਤ ਨੇ ਵਿੱਤੀ ਸਾਲ 2018-19 ’ਚ 22 ਲੱਖ ਟਨ ਪਿਆਜ਼ ਦੀ ਬਰਾਮਦ ਕੀਤੀ ਸੀ। ਟ੍ਰੇਡਰਜ਼ ਦਾ ਅਨੁਮਾਨ ਹੈ ਕਿ ਇਹ ਅੰਕੜਾ ਏਸ਼ੀਆਈ ਦੇਸ਼ਾਂ ਵੱਲੋਂ ਕੀਤੀ ਜਾਣ ਵਾਲੀ ਕੁਲ ਦਰਾਮਦ ਦੀ ਤੁਲਨਾ ’ਚ ਦੁੱਗਣੇ ਤੋਂ ਵੀ ਜ਼ਿਆਦਾ ਹੈ।

ਬੰਗਲਾਦੇਸ਼ ਤੋਂ ਆਏ ਇਕ ਟ੍ਰੇਡਰ ਮੁਹੰਮਦ ਇਦਰੀਸ ਨੇ ਕਿਹਾ ਕਿ ਕਿਸੇ ਹੋਰ ਸਥਾਨ ਤੋਂ ਹੋਣ ਵਾਲੀ ਬਦਲਵੀਂ ਸਪਲਾਈ ਦੇ ਮਹਿੰਗਾ ਹੋਣ ਨਾਲ ਵੀ ਦਰਾਮਦਕਾਰਾਂ ਦੀ ਸਿਰਦਰਦ ਵਧੇਗੀ। ਬੰਗਲਾਦੇਸ਼ ਦੀ ਰਾਜਧਾਨੀ ’ਚ ਸਿਰਫ 15 ਦਿਨਾਂ ’ਚ ਪਿਆਜ਼ ਦੀਆਂ ਕੀਮਤਾਂ ਦੁੱਗਣੀਆਂ ਹੋ ਕੇ ਲਗਭਗ 1.42 ਡਾਲਰ (100 ਰੁਪਏ) ਪ੍ਰਤੀ ਕਿਲੋ ਹੋ ਗਈਆਂ ਹਨ, ਜੋ ਕਿ ਦਸੰਬਰ 2013 ਤੋਂ ਬਾਅਦ ਸਭ ਤੋਂ ਵੱਧ ਹਨ। ਇਦਰੀਸ ਨੇ ਕਿਹਾ ਕਿ ਏਸ਼ੀਆ ਅਤੇ ਯੂਰਪ ’ਚ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਹਾਲਾਂਕਿ ਭਾਰਤ ਦੀ ਤਰਜ਼ ’ਤੇ ਬੰਗਲਾਦੇਸ਼ ਸਰਕਾਰ ਨੇ ਸਬਸਿਡੀ ’ਤੇ ਪਿਆਜ਼ ਵੇਚਣਾ ਵੀ ਸ਼ੁਰੂ ਕਰ ਦਿੱਤਾ ਹੈ।

ਸ਼੍ਰੀਲੰਕਾ ’ਚ ਇਕ ਹਫਤੇ ’ਚ 50 ਫੀਸਦੀ ਵਧੀ ਕੀਮਤ

ਓਧਰ ਸਥਿਤੀ ਗੰਭੀਰ ਹੋਣ ਤੋਂ ਬਾਅਦ ਸ਼੍ਰੀਲੰਕਾ ਨੇ ਪਹਿਲਾਂ ਹੀ ਮਿਸਰ ਅਤੇ ਚੀਨ ਨੂੰ ਪਿਆਜ਼ ਦਾ ਆਰਡਰ ਦੇ ਦਿੱਤਾ ਹੈ। ਸ਼੍ਰੀਲੰਕਾ ’ਚ ਪਿਛਲੇ ਇਕ ਹਫਤੇ ’ਚ ਪਿਆਜ਼ ਦੀਆਂ ਕੀਮਤਾਂ ਲਗਭਗ 50 ਫੀਸਦੀ ਵਧ ਕੇ 1.7 ਡਾਲਰ (120 ਰੁਪਏ) ਪ੍ਰਤੀ ਕਿਲੋ ਹੋ ਗਈਆਂ ਹਨ। ਭਾਰਤੀ ਪਿਆਜ਼ ਦੇ ਦੂਜੇ ਵੱਡੇ ਖਰੀਦਦਾਰ ਮਲੇਸ਼ੀਆ ਨੇ ਬਰਾਮਦ ’ਤੇ ਰੋਕ ਨੂੰ ਅਸਥਾਈ ਕਰਾਰ ਦਿੱਤਾ ਹੈ।


Related News