ਆਯਾਤ ਕੀਤਾ ਪਿਆਜ਼ ਭਾਰਤ ਲਈ ਬਣਿਆ ਬੋਝ! ਦੂਜੇ ਦੇਸ਼ਾਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਸਰਕਾਰ

01/18/2020 3:08:43 PM

ਨਵੀਂ ਦਿੱਲੀ — ਪਿਛਲੇ ਕੁਝ ਮਹੀਨਿਆਂ 'ਚ ਭਾਰਤ ਦੇਸ਼ ਦੇ ਲੋਕ ਪਿਆਜ਼ ਦੀਆਂ ਭਾਰੀ ਕੀਮਤਾਂ ਕਾਰਨ ਕਾਫੀ ਪਰੇਸ਼ਾਨ ਸਨ। ਪਿਆਜ਼ ਦੀ ਕਮੀ ਅਤੇ ਵਧ ਕੀਮਤ ਕਾਰਨ ਦੇਸ਼ 'ਚ ਹਾਹਾਕਰ ਮੱਚਿਆ ਹੋਇਆ ਸੀ। ਵਿਰੋਧੀ ਪਾਰਟੀਆਂ ਨੇ ਵੀ ਇਸ ਦੀਆਂ ਕੀਮਤਾਂ ਨੂੰ ਲੈ ਕੇ ਭਾਰੀ ਵਿਰੋਧ ਜ਼ਾਹਰ ਕੀਤਾ। ਜਿਸ ਕਾਰਨ ਮੋਦੀ ਸਰਕਾਰ ਨੇ ਤੁਰਕੀ, ਮਿਸਰ ਅਤੇ ਈਰਾਨ ਤੋਂ ਭਾਰੀ ਮਾਤਰਾ 'ਚ ਪਿਆਜ਼ ਦਾ ਆਯਾਤ ਕਰ ਲਿਆ। ਪਰ ਦੇਸ਼ ਵਾਸੀਆਂ ਨੂੰ ਇਸ ਦਾ ਸੁਆਦ ਪਸੰਦ ਨਹੀਂ ਆਇਆ, ਹੁਣ ਇਹ ਪਿਆਜ਼ ਮੋਦੀ ਸਰਕਾਰ ਲਈ ਬੋਝ ਬਣ ਗਿਆ ਹੈ। ਹੁਣ ਸਰਕਾਰ ਜਲਦੀ ਤੋਂ ਜਲਦੀ ਇਸ ਨੂੰ ਦੇਸ਼ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। 

ਦੂਜੇ ਪਾਸੇ ਮੰਡੀ ਵਿਚ ਅਚਾਨਕ ਪਿਆਜ਼ ਦੀ ਆਮਦ ਵਧਣ ਕਾਰਨ ਇਸ ਦੀਆਂ ਕੀਮਤਾਂ ਵਿਚ ਕਮੀ ਆ ਗਈ ਹੈ। ਅਜਿਹੀ ਸਥਿਤੀ 'ਚ ਆਯਾਤ ਕੀਤੇ ਪਿਆਜ਼ ਦਾ ਭਾਰੀ ਸਟਾਕ ਸਰਕਾਰ 'No profit no loss ' 'ਤੇ ਦੂਜੇ ਦੇਸ਼ਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਅਮਰੀਕਾ ਨੇ ਭਾਰਤ ਕੋਲੋਂ ਪਿਆਜ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਮੋਦੀ ਸਰਕਾਰ ਮਾਲਦੀਵ, ਨੇਪਾਲ ਅਤੇ ਸ੍ਰੀ ਲੰਕਾ ਵਰਗੇ ਦੇਸ਼ਾਂ ਨੂੰ 'No profit no loss' 'ਤੇ ਪਿਆਜ਼ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। 

ਖਬਰਾਂ ਅਨੁਸਾਰ ਭਾਰਤੀ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਦੇਸ਼ਾਂ ਨਾਲ ਗੱਲਬਾਤ ਕਰਕੇ ਭਾਰਤ ਕੋਲੋਂ ਪਿਆਜ਼ ਖਰੀਦਣ ਲਈ ਕਹਿਣ। ਖਬਰਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਸਟਾਕ ਵਿਚ 20 ਹਜ਼ਾਰ ਟਨ ਤੋਂ ਜ਼ਿਆਦਾ ਉਤਪਾਦ ਕੀਤਾ ਗਿਆ ਪਿਆਜ਼ ਉਪਲੱਬਧ ਹੈ। ਪਿਆਜ਼ ਦੇ ਵਪਾਰੀਆਂ ਅਨੁਸਾਰ ਆਯਾਤ ਕੀਤਾ ਗਿਆ ਪਿਆਜ਼ ਕੋਈ ਦੇਸ਼ ਨਹੀਂ ਖਰੀਦ ਰਿਹਾ ਹੈ ਕਿਉਂਕਿ ਉਸਦਾ ਦਾ ਸੁਆਦ ਵੱਖਰਾ ਹੈ।