IMF ਨੇ ਪਾਕਿਸਤਾਨ ਨੂੰ ਕਰ ਮਾਲੀਅਾ ਭੰਡਾਰ ਵਧਾਉਣ ਲਈ ਕਿਹਾ

07/23/2019 9:59:51 AM

ਵਾਸ਼ਿੰਗਟਨ — ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਨੇ ਪਾਕਿਸਤਾਨ ਨੂੰ ਘਰੇਲੂ ਪੱਧਰ ’ਤੇ ਕਰ ਮਾਲੀਅਾ ਭੰਡਾਰ ਵਧਾਉਣ ਲਈ ਕਿਹਾ ਹੈ। ਇਸ ਨਾਲ ਪਾਕਿਸਤਾਨ ਨੂੰ ਸਾਮਾਜਕ ਅਤੇ ਵਿਕਾਸ ਕੰਮਾਂ ਦੇ ਖਰਚ ਲਈ ਜ਼ਰੂਰੀ ਰਾਸ਼ੀ ਉਪਲਬਧ ਹੋ ਸਕੇਗੀ, ਨਾਲ ਹੀ ਕਰਜ਼ੇ ’ਚ ਵੀ ਕਮੀ ਲਿਆਉਣੀ ਹੋਵੇਗੀ। ਵਿੱਤੀ ਸੰਕਟ ’ਚ ਫਸਿਆ ਪਾਕਿਸਤਾਨ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣ ਲਈ ਕੌਮਾਂਤਰੀ ਕਰਜ਼ਦਾਤਿਆਂ ਤੋਂ ਰਾਹਤ ਪੈਕੇਜ ਦੀ ਮੰਗ ਕਰ ਰਿਹਾ ਹੈ।

ਆਈ. ਐੱਮ. ਐੱਫ. ਦੇ ਕਾਰਜਕਾਰੀ ਪ੍ਰਬੰਧ ਨਿਰਦੇਸ਼ਕ ਡੇਵਿਡ ਲਿਪਟਨ ਦਾ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ। ਇਮਰਾਨ ਰਾਸ਼ਟਰਪਤੀ ਟਰੰਪ ਦੇ ਬੁਲਾਵੇ ’ਤੇ ਅਮਰੀਕਾ ਦੀ 3 ਦਿਨਾਂ ਦੀ ਯਾਤਰਾ ’ਤੇ ਪੁੱਜੇ ਹਨ। 3 ਜੁਲਾਈ ਨੂੰ ਆਈ. ਐੱਮ. ਐੱਫ. ਨੇ 6 ਅਰਬ ਡਾਲਰ ਦਾ ਬੇਲਆਊਟ ਪੈਕੇਜ ਦੇ ਕੇ ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਸਹਾਰਾ ਤਾਂ ਦਿੱਤਾ ਪਰ ਇਸ ਨਾਲ ਦੇਸ਼ ’ਚ ਭਾਰੀ ਅਸੰਤੋਸ਼ ਨੂੰ ਵੀ ਜਨਮ ਦੇ ਦਿੱਤਾ।