'ਜੇਕਰ ਸਰਕਾਰ ਨੇ Air India ਦਾ ਕੀਤਾ ਨਿੱਜੀਕਰਣ ਤਾਂ ਹੋਵੇਗੀ ਕੋਰਟ 'ਚ ਕਾਰਵਾਈ'

12/16/2019 5:16:20 PM

ਨਵੀਂ ਦਿੱਲੀ — ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਦਿੱਗਜ ਭਾਜਪਾ ਨੇਤਾ ਸੁਬਰਾਮਣੀਅਮ ਸੁਆਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੋਮਵਾਰ ਯਾਨੀ ਕਿ ਅੱਜ 16 ਦਸੰਬਰ ਨੂੰ ਕੀਤੇ ਗਏ ਟਵੀਟ 'ਚ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਸੁਆਮੀ ਨੇ ਕਿਹਾ ਕਿ ਜੇਕਰ ਸਰਕਾਰ ਏਅਰ ਇੰਡੀਆ ਦਾ ਨਿੱਜੀਕਰਣ ਕਰਨ ਦੀ ਬੇਵਕੂਫੀ ਕਰਦੀ ਹੈ ਤਾਂ ਉਸਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਸੁਆਮੀ ਨੇ ਸਰਕਾਰ ਵਲੋਂ ਏਅਰ ਇੰਡੀਆ ਦੇ ਨਿੱਜੀਕਰਣ ਦੀਆਂ ਕੋਸ਼ਿਸ਼ਾਂ ਵਿਚਕਾਰ ਇਹ ਟਵੀਟ ਕੀਤਾ ਹੈ। 

ਭਾਜਪਾ ਨੇਤਾ ਨੇ ਟਵੀਟ ਕੀਤਾ, 'ਸਰਕਾਰ ਜੇਕਰ ਏਅਰ ਇੰਡੀਆ ਦਾ ਨਿੱਜੀਕਰਣ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕੋਰਟ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਸਰਕਾਰ ਜਾਣਨਾ ਚਾਹੁੰਦੀ ਹੈ ਕਿ ਏਅਰ ਇੰਡੀਆ ਨੂੰ ਕਿਵੇਂ ਚਲਾਇਆ ਜਾਵੇ ਤਾਂ ਵਿਦੇਸ਼ੀ ਸਲਾਹਕਾਰਾਂ ਦੀ ਥਾਂ ਉਹ ਮੇਰੇ ਕੋਲੋਂ ਸਲਾਹ ਲੈ ਸਕਦੀ ਹੈ।' ਜ਼ਿਕਰਯੋਗ ਹੈ ਕਿ ਸਰਕਾਰ ਨੇ ਏਅਰ ਇੰਡੀਆ ਦੇ ਨਿੱਜੀਕਰਣ ਲਈ ਪ੍ਰਸਤਾਵ ਸਵੀਕਾਰ ਕਰਨੇ ਸ਼ੁਰੂ ਕਰ ਦਿੱਤੇ ਹਨ। 

ਹੁਣੇ ਜਿਹੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਏਅਰ ਇੰਡੀਆ ਦੀ ਵਿਕਰੀ ਲਈ ਠੋਸ ਪ੍ਰਸਤਾਵ ਆਉਣਗੇ ਕਿਉਂਕਿ ਬੋਲੀ ਦੀਆਂ ਸ਼ਰਤਾਂ ਨੂੰ ਵੱਡੇ ਪੈਮਾਨੇ 'ਤੇ ਸੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਏਅਰ ਇੰਡੀਆ 'ਚ 26 ਫੀਸਦੀ ਹਿੱਸੇਦਾਰੀ ਰੱਖ ਰਹੀ ਸੀ, ਪਰ ਚੀਜ਼ਾਂ ਬਦਲ ਗਈਆਂ ਹਨ। ਪੁਰੀ ਨੇ ਇਹ ਵੀ ਕਿਹਾ ਸੀ ਕਿ ਮੌਜੂਦਾ ਢਾਂਚੇ ਕਾਰਨ ਸੰਚਾਲਨ ਲਾਗਤ ਪੂਰੀ ਨਹੀਂ ਕੀਤੀ ਜਾ ਸਕਦੀ  ਅਤੇ ਏਅਰ ਇੰਡੀਆ ਨੂੰ ਵੇਚਣ ਦਾ ਇਹ ਸਹੀ ਸਮਾਂ ਹੈ।