400 ਬੇਨਾਮੀ ਸੌਦਿਆਂ ਦਾ ਖੁਲਾਸਾ, ਅਰਬਾਂ ਦੀ ਕੁਰਕੀ

05/24/2017 10:48:33 PM

ਨਵੀਂ ਦਿੱਲੀ — ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ਉਸ ਨੇ 400 ਤੋਂ ਜ਼ਿਆਦਾ ਬੇਨਾਮੀ ਸੌਦਿਆਂ ਦੀ ਪਹਿਚਾਣ ਕਰ ਲਈ ਹੈ। ਵਿਭਾਗ ਨੇ ਕਿਹਾ ਕਿ ਬੇਨਾਮੀ ਕਾਨੂੰਨ ਤਹਿਤ ਕੁੱਲ 240 ਤੋਂ ਵੱਧ ਮਾਮਲਿਆਂ 'ਚ 600 ਕਰੋੜ ਰੁਪਏ ਮੁੱਲ ਦੀਆਂ ਸੰਪਤੀਆਂ ਦੀ ਕੁਰਕੀ ਕੀਤੀ ਜਾ ਚੁੱਕੀ ਹੈ। ਨਵੇਂ ਬੇਨਾਮੀ ਕਾਨੂੰਨ ਨੂੰ ਚੰਗੀ ਤਰ੍ਹਾਂ ਲਾਗੂ ਕਰਨ ਲਈ ਵਿਭਾਗ ਨੇ ਪਿਛਲੇ ਹਫਤੇ ਦੇਸ਼ ਭਰ 'ਚ 24 ਬੇਨਾਮੀ ਪਾਬੰਦੀ ਇਕਾਈਆਂ (ਬੀ.ਪੀ.ਯੂ) ਸਥਾਪਿਤ ਕੀਤੀਆਂ, ਤਾਂ ਜੋ ਇਸ ਕਾਨੂੰਨ ਦੇ ਜ਼ਮੀਨੀ ਨਤੀਜੇ ਦਿਖ ਸਕਣ। 
ਵਿਭਾਗ ਨੇ ਪਿਛਲੇ ਸਾਲ ਨਵੰਬਰ 'ਚ ਬੇਨਾਮੀ ਲੈਣ-ਦੇਣ (ਪਾਬੰਦੀ) ਸੋਧ ਕਾਨੂੰਨ, 2016 ਤਹਿਤ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਕਾਨੂੰਨ ਤਹਿਤ ਜ਼ਿਆਦਾ ਤੋਂ ਜ਼ਿਆਦਾ ਸੱਤ ਸਾਲ ਜੇਲ੍ਹ ਦੀ ਸਜ਼ਾ ਅਤੇ ਜ਼ੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। 
ਬੇਨਾਮੀ ਸੰਪਤੀ 'ਚ ਚਲ ਜਾਂ ਅਚੱਲ, ਮੂਰਤ ਅਤੇ ਅਮੂਰਤ (ਬ੍ਰੈਂਡ, ਇਕਵਟੀ ਇੰਟਲੈਕਚੁਅਲ ਪ੍ਰਾਪਰਟੀ) ਅਤੇ ਅਜਿਹੀਆਂ ਸੰਪਤੀਆਂ ਸ਼ਾਮਿਲ ਹਨ ਜੋ ਉਸ ਵਿਅਕਤੀ ਦੇ ਨਾਂ 'ਤੇ ਨਹੀਂ ਹੁੰਦੀ ਜੋ ਹਕੀਕਤ 'ਚ ਇਸ ਦਾ ਲਾਭ ਚੁੱਕਦਾ ਹੈ। ਇਕ ਅਧਿਕਾਰਕ ਰਿਲੀਜ਼ 'ਚ ਕਿਹਾ ਗਿਆ ਹੈ,'ਇਨਕਮ ਟੈਕਸ ਡਾਇਰੈਟਰਸ ਆਫ ਇਨਵੈਸਟੀਗੇਸ਼ਨ ਨੇ 23 ਮਈ 2017 ਤੱਕ 400 ਤੋਂ ਜ਼ਿਆਦਾ ਬੇਨਾਮੀ ਲੈਣ-ਦੇਣ ਦਾ ਪਤਾ ਲਗਾਇਆ ਹੈ। ਇਨ੍ਹਾਂ 'ਚ ਬੈਂਕ ਖਾਤੇ, ਜ਼ਮੀਨ ਦੇ ਪਲਾਂਟ, ਫਲੈਟ ਅਤੇ ਜ਼ਿਊਲਰੀ ਸ਼ਾਮਿਲ ਹਨ।' 
ਕਾਨੂੰਨ ਤਹਿਤ 240 ਤੋਂ ਜ਼ਿਆਦਾ ਸੰਪਤੀਆਂ ਦਾ ਅਸਥਾਈ ਤੌਰ 'ਤੇ ਕੁਰਕੀ ਕਰ ਲਈ ਗਈ ਹੈ। ਬਾਜ਼ਾਰ 'ਚ ਇਨ੍ਹਾਂ ਦੀ ਕੀਮਤ 600 ਕਰੋੜ ਰੁਪਏ ਤੋਂ ਜ਼ਿਆਦਾ ਹੈ। ਟੈਕਸ ਵਿਭਾਗ ਨੇ ਕਿਹਾ,'40 ਮਾਮਲਿਆਂ 'ਚ ਕੋਲਕਾਤਾ, ਮੁੰਬਈ, ਦਿੱਲੀ, ਗੁਜਰਾਤ, ਰਾਜਸਥਾਨ ਅਤੇ ਮੱਧ-ਪ੍ਰਦੇਸ਼ ਤੋਂ 530 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਦੀ ਅਚੱਲ ਸੰਪਤੀ ਕੁਰਕ ਹੋਈ ਹੈ।