ਇਸ ਸੈਗਮੈਂਟ ''ਚ ਮਾਰੂਤੀ ਤੋਂ ਅੱਗੇ ਨਿਕਲੀ ਹੁੰਡਈ

08/12/2020 8:01:18 PM

ਨਵੀਂ ਦਿੱਲੀ-ਦੱਖਣੀ ਕੋਰੀਆ ਦੀ ਆਟੋਮੋਬਾਇਲ ਕੰਪਨੀ ਹੁੰਡਈ ਨੇ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੂਜ਼ੁਕੀ ਨੂੰ ਐੱਸ.ਯੂ.ਵੀ. ਸੈਗਮੈਂਟ (SUV segment) 'ਚ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਹੁੰਡਈ ਦੇਸ਼ ਦੀ ਟਾਪ-ਸੇਲਿੰਗ ਆਫ-ਰੋਡਰ (top-selling off-roader company) ਕੰਪਨੀ ਬਣ ਗਈ ਹੈ। ਹੁੰਡਈ ਨੇ ਆਪਣੀ ਐਂਟਰੀ ਐੱਸ.ਯੂ.ਵੀ. ਵੈਨਿਊ ਅਤੇ ਕ੍ਰੇਟਾ ਦੇ ਨਵੇਂ ਮਾਡਲ ਦੇ ਦਮ 'ਤੇ ਇਹ ਕਮਾਲ ਕੀਤਾ ਹੈ। ਅਪ੍ਰੈਲ-ਜੂਨ ਤਿਮਾਹੀ ਦੌਰਾਨ ਇਸ ਸੈਗਮੈਂਟ 'ਚ ਹੁੰਡਈ ਦੀ ਵਿਕਰੀ ਮਾਰੂਤੀ ਤੋਂ 1635 ਯੂਨਿਟ ਜ਼ਿਆਦਾ ਰਹੀ।

ਬੀਤੀ ਤਿਮਾਹੀ 'ਚ ਆਟੋਮੋਬਾਇਲ ਇੰਡਸਟਰੀ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਇਸ ਦੇ ਕਾਰਣ ਲੱਗੇ ਲਾਕਡਾਊਨ ਕਾਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਦੌਰਾਨ ਹੁੰਡਈ ਨੇ 34,212 ਐੱਸ.ਯੂ.ਵੀ. ਯੂਨਿਟ ਵੇਚੀਆਂ ਜਦਕਿ ਮਾਰੂਤੀ ਦੀ ਵਿਕਰੀ 32,577 ਯੂਨਿਟ ਰਹੀ। ਦਿੱਗਜ ਘਰੇਲੂ ਐੱਸ.ਯੂ.ਵੀ. ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਅਪ੍ਰੈਲ-ਜੁਲਾਈ ਦੌਰਾਨ 22,477 ਐੱਸ.ਯੂ.ਵੀ. ਵੇਚੀਆਂ।

ਮਾਰੂਤੀ ਦੀਆਂ ਦਿੱਕਤਾਂ
ਐੱਸ.ਯੂ.ਵੀ. ਸੈਗਮੈਂਟ 'ਚ ਮਾਰੂਤੀ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ਬ੍ਰੇਜ਼ਾ ਅਤੇ ਆਰਟੀਗਾ ਹਨ। ਮਾਰੂਤੀ ਦੀ ਪੇਰੈਂਟ ਕੰਪਨੀ ਸੂਜ਼ੁਕੀ ਦੀ ਹਰਿਆਣਾ ਅਤੇ ਗੁਜਰਾਤ 'ਚ ਫੈਕਟਰੀਆਂ ਹਨ ਅਤੇ ਉਹ ਆਪਣੇ ਉਤਪਾਦਨ ਨੂੰ ਸਥਿਰ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੀ ਹੈ। ਕੰਪਨੀ ਨੂੰ ਉਤਪਾਦਨ ਦੇ ਨਾਲ-ਨਾਲ ਕੁਲਪੁਰਜਿਆਂ ਦੀ ਸਪਲਾਈ 'ਚ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੀ ਰਿਹਾ ਕਾਰਣ
ਐੱਸ.ਯੂ.ਵੀ. ਸੈਗਮੈਂਟ 'ਚ ਮਾਰੂਤੀ 2018-19 (2.64 ਲੱਖ ਯੂਨਿਟ) ਅਤੇ 2019-20 (2.35 ਲੱਖ ਯੂਨਿਟ) 'ਚ ਟਾਪ 'ਤੇ ਰਹੀ ਸੀ। ਹੁੰਡਈ ਨੇ ਇਸ ਦੌਰਾਨ ਸਿਰਫ 1.25 ਲੱਖ ਅਤੇ 1.76 ਲੱਖ ਕਾਰਾਂ ਵੇਚੀਆਂ ਸਨ। ਮਹਿੰਦਰਾ ਨੇ 2018-19 'ਚ 2.17 ਲੱਖ ਅਤੇ 2019-20 'ਚ 1.75 ਲੱਖ ਐੱਸ.ਯੂ.ਵੀ. ਵੇਚੀਆਂ। ਹੁੰਡਈ ਇੰਡੀਆ ਦੇ ਡਾਇਰੈਕਟਰ (ਸੇਲਸ ਐਂਡ ਮਾਰਕੀਟਿੰਗ) ਤਰੁਣ ਗਰਗ ਨੇ ਕਿਹਾ ਕਿ ਮਾਰੂਤੀ ਦੇ ਡੀਜ਼ਲ ਕੈਟਗਰੀ ਤੋਂ ਹਟਣ ਦੇ ਫੈਸਲੇ ਤੋਂ ਬਾਅਦ ਹੁੰਡਈ ਦੀ ਸਥਿਤੀ ਮਜ਼ਬੂਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕ੍ਰੇਟਾ ਦੀ 60 ਫੀਸਦੀ ਵਿਕਰੀ ਡੀਜ਼ਲ ਮਾਡਲ ਦੀ ਹੈ ਜਦਕਿ ਵੈਨਿਊ ਦੀ ਵਿਕਰੀ 'ਚ ਡੀਜ਼ਲ ਮਾਡਲ ਦੀ ਹਿੱਸੇਦਾਰੀ 32 ਫੀਸਦੀ ਹੈ।


Karan Kumar

Content Editor

Related News