ਪਿਛਲੇ ਚਾਰ ਸਾਲਾਂ ''ਚ ਘਰ ਖਰੀਦਣਾ ਹੋਇਆ ਮਹਿੰਗਾ : ਆਰ. ਬੀ. ਆਈ.

07/11/2019 11:20:01 PM

ਮੁੰਬਈ (ਭਾਸ਼ਾ)-ਪਿਛਲੇ 4 ਸਾਲਾਂ ਦੌਰਾਨ ਖਰੀਦਦਾਰਾਂ ਲਈ ਘਰ ਖਰੀਦਣਾ ਕਾਫ਼ੀ ਮੁਸ਼ਕਿਲ ਹੋ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਇਕ ਸਰਵੇ 'ਚ ਕਿਹਾ ਗਿਆ ਹੈ ਕਿ ਇਸ ਦੌਰਾਨ ਘਰ ਲੋਕਾਂ ਦੀ ਪਹੁੰਚ ਤੋਂ ਦੂਰ ਹੋਏ ਹਨ। ਮੁੰਬਈ 'ਚ ਘਰ ਖਰੀਦਦਾਰਾਂ ਦੀ ਪਹੁੰਚ ਤੋਂ ਸਭ ਤੋਂ ਜ਼ਿਆਦਾ ਦੂਰ ਹੋਏ ਹਨ। ਰਿਜ਼ਰਵ ਬੈਂਕ ਜੁਲਾਈ, 2010 ਤੋਂ ਤਿਮਾਹੀ ਆਧਾਰ 'ਤੇ 13 ਸ਼ਹਿਰਾਂ 'ਚ ਚੋਣਵੇਂ ਬੈਂਕਾਂ ਅਤੇ ਹਾਊਸਿੰਗ ਫਾਈਨਾਂਸ ਕੰਪਨੀਆਂ ਵੱਲੋਂ ਦਿੱਤੇ ਗਏ ਹੋਮ ਲੋਨ 'ਤੇ ਰਿਹਾਇਸ਼ੀ ਜਾਇਦਾਦ ਮੁੱਲ ਨਿਗਰਾਨੀ ਸਰਵੇ (ਆਰ. ਏ. ਪੀ. ਐੱਮ. ਐੱਸ.) ਕਰ ਰਿਹਾ ਹੈ। ਰਿਜ਼ਰਵ ਬੈਂਕ ਨੇ ਸਰਵੇ ਰਿਪੋਰਟ ਜਾਰੀ ਕਰਦਿਆਂ ਕਿਹਾ, ''ਪਿਛਲੇ 4 ਸਾਲਾਂ 'ਚ ਘਰਾਂ ਦੇ ਮੁੱਲ ਤੋਂ ਕਮਾਈ (ਐੱਚ. ਪੀ. ਟੀ. ਆਈ.) ਅਨੁਪਾਤ ਮਾਰਚ, 2015 ਦੇ 56.1 ਤੋਂ ਵਧ ਕੇ ਮਾਰਚ, 2016 'ਚ 61.5 ਹੋ ਗਿਆ ਹੈ। ਯਾਨੀ ਕਮਾਈ ਦੇ ਮੁਕਾਬਲੇ ਮਕਾਨਾਂ ਦੀ ਕੀਮਤ ਵਧੀ ਹੈ।

ਵੱਖ-ਵੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ, ਤਾਂ ਮੁੰਬਈ 'ਚ ਘਰ ਖਰੀਦਣਾ ਸਭ ਤੋਂ ਮੁਸ਼ਕਿਲ ਅਤੇ ਭੁਵਨੇਸ਼ਵਰ 'ਚ ਸਭ ਤੋਂ ਆਸਾਨ ਹੈ। ਰਿਪੋਰਟ ਕਹਿੰਦੀ ਹੈ ਕਿ ਇਸ ਦੌਰਾਨ ਔਸਤ ਕਰਜ਼ੇ ਤੋਂ ਕਮਾਈ (ਐੱਲ. ਟੀ. ਆਈ.) ਅਨੁਪਾਤ ਵੀ ਮਾਰਚ, 2015 ਦੇ 3 ਤੋਂ ਮਾਰਚ, 2019 'ਚ 3.4 ਹੋ ਗਿਆ ਹੈ ਜੋ ਘਰਾਂ ਦਾ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਦੀ ਪੁਸ਼ਟੀ ਕਰਦਾ ਹੈ। ਸਰਵੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਔਸਤ ਕਰਜ਼ੇ ਤੋਂ ਮੁੱਲ (ਐੱਲ. ਟੀ. ਵੀ.) ਅਨੁਪਾਤ 67.7 ਤੋਂ 69.6 ਫ਼ੀਸਦੀ ਹੋ ਗਿਆ ਹੈ ਜੋ ਦਰਸਾਉਂਦਾ ਹੈ ਕਿ ਬੈਂਕ ਹੁਣ ਜ਼ਿਆਦਾ ਖਤਰਾ ਚੁੱਕਣ ਲੱਗੇ ਹਨ। ਹਾਲਾਂਕਿ ਹੋਰ ਸ਼ਹਿਰਾਂ ਦੇ ਮੁਕਾਬਲੇ ਮੁੰਬਈ, ਪੁਣੇ ਅਤੇ ਅਹਿਮਦਾਬਾਦ ਨੇ ਜ਼ਿਆਦਾ ਉੱਚਾ ਔਸਤ ਐੱਲ. ਟੀ. ਆਈ. ਦਰਜ ਕੀਤਾ। ਇਹ ਸਰਵੇ ਮੁੰਬਈ, ਚੇਨਈ, ਦਿੱਲੀ, ਬੇਂਗਲੁਰੂ, ਹੈਦਰਾਬਾਦ, ਕੋਲਕਾਤਾ, ਪੁਣੇ, ਜੈਪੁਰ, ਚੰਡੀਗੜ੍ਹ, ਅਹਿਮਦਾਬਾਦ, ਲਖਨਊ, ਭੋਪਾਲ ਅਤੇ ਭੁਵਨੇਸ਼ਵਰ 'ਚ ਕੀਤਾ ਗਿਆ।

Karan Kumar

This news is Content Editor Karan Kumar