ਦੀਵਾਲੀ ਦਾ ਤੋਹਫਾ, ਪਹਿਲੀ Oct ਤੋਂ ਸਸਤੇ ਹੋਣਗੇ ਹੋਟਲ ਕਿਰਾਏ

09/24/2019 3:58:43 PM

ਨਵੀਂ ਦਿੱਲੀ— ਤਿਉਹਾਰੀ ਸੀਜ਼ਨ 'ਚ ਘੁੰਮਣ ਦਾ ਪਲਾਨ ਬਣਾ ਰਹੇ ਹੋ ਤੇ ਕਿਸੇ ਹੋਟਲ 'ਚ ਰੁਕਣਾ ਹੈ ਤਾਂ ਤੁਹਾਡੇ ਲਈ ਗੁੱਡ ਨਿਊਜ਼ ਹੈ। ਹੋਟਲਾਂ ਦੇ ਕਿਰਾਏ 'ਤੇ ਜੀ. ਐੱਸ. ਟੀ. ਦਰਾਂ 'ਚ ਹੋਈ ਕਟੌਤੀ ਪਹਿਲੀ ਅਕਤੂਬਰ ਤੋਂ ਲਾਗੂ ਹੋਣ ਜਾ ਰਹੀ ਹੈ। ਇਸ ਨਾਲ ਹੋਟਲਾਂ ਦੀ ਬੁਕਿੰਗ ਜ਼ਬਰਦਸਤ ਰਹਿਣ ਵਾਲੀ ਹੈ ਕਿਉਂਕਿ 20 ਸਤੰਬਰ ਨੂੰ ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) ਕੌਂਸਲ ਵੱਲੋਂ ਲਗਜ਼ਰੀ ਹੋਟਲਾਂ ਦੇ 7,500 ਰੁਪਏ ਤੋਂ ਉੱਪਰ ਦੇ ਕਿਰਾਏ 'ਤੇ ਜੀ. ਐੱਸ. ਟੀ. ਦਰ 28 ਤੋਂ ਘਟਾ ਕੇ 18 ਫੀਸਦੀ ਕੀਤੀ ਗਈ ਹੈ।

 

ਉੱਥੇ ਹੀ, ਜਿਨ੍ਹਾਂ ਹੋਟਲਾਂ ਦੇ ਕਿਰਾਏ 1,000 ਰੁਪਏ ਤੋਂ ਵੱਧ ਤੇ 7,500 ਰੁਪਏ ਵਿਚਕਾਰ ਹਨ ਉਨ੍ਹਾਂ 'ਚ ਹੁਣ ਕਮਰੇ ਦੇ ਕਿਰਾਏ 'ਤੇ ਸਿਰਫ 12 ਫੀਸਦੀ ਜੀ. ਐੱਸ. ਟੀ. ਲੱਗੇਗਾ, ਜਦੋਂ ਕਿ 1,000 ਰੁਪਏ ਤੋਂ ਘੱਟ ਕਿਰਾਏ ਵਾਲੇ ਹੋਟਲਾਂ 'ਤੇ ਜੀ. ਐੱਸ. ਟੀ. ਨਹੀਂ ਹੋਵੇਗਾ। ਪ੍ਰਹੁਣਚਾਰੀ ਇੰਡਸਟਰੀ ਦੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਸਰਕਾਰ ਨੇ ਬੀਤੇ ਸ਼ੁੱਕਰਵਾਰ ਹੋਟਲ ਕਿਰਾਇਆਂ 'ਤੇ ਜੀ. ਐੱਸ. ਟੀ. ਦਰਾਂ 'ਚ ਕਟੌਤੀ ਕੀਤੀ ਸੀ।

ਸਰਕਾਰ ਵੱਲੋਂ ਹੋਟਲਾਂ ਦੇ ਕਿਰਾਏ 'ਤੇ ਜੀ. ਐੱਸ. ਟੀ. ਦਰਾਂ 'ਚ ਕਟੌਤੀ ਨਾਲ ਟੂਰਿਜ਼ਮ ਖੇਤਰ ਨੂੰ ਬੂਸਟ ਮਿਲੇਗਾ ਕਿਉਂਕਿ ਟੂਰਿਜ਼ਮ 'ਚ ਸਭ ਤੋਂ ਮਹੱਤਵਪੂਰਨ ਯੋਗਦਾਨ ਹੋਟਲਾਂ ਦਾ ਹੁੰਦਾ ਹੈ। ਉੱਥੇ ਹੀ, ਸਰਕਾਰ ਨੇ ਵਿਦੇਸ਼ੀ ਟੂਰਿਸਟਾਂ ਨੂੰ ਆਕਰਸ਼ਤ ਕਰਨ ਲਈ ਹਾਲ ਹੀ 'ਚ ਈ-ਵੀਜ਼ਾ ਨਿਯਮ ਵੀ ਸੌਖੇ ਕੀਤੇ ਹਨ। ਇਟਲੀ, ਮੈਕਸੀਕੋ, ਯੂ. ਏ. ਈ., ਥਾਈਲੈਂਡ, ਸਵੀਡਨ, ਯੂ. ਐੱਸ. ਏ., ਕੈਨੇਡਾ, ਆਸਟ੍ਰੇਲੀਆ ਆਦਿ ਕਈ ਦੇਸ਼ ਹਨ ਜਿੱਥੇ ਦੇ ਨਾਗਰਿਕ ਈ-ਵੀਜ਼ਾ ਅਪਲਾਈ ਕਰ ਸਕਦੇ ਹਨ। ਹੋਟਲਾਂ ਦੇ ਕਿਰਾਏ ਘੱਟ ਹੋਣ ਨਾਲ ਵੱਧ ਤੋਂ ਵੱਧ ਟੂਰਿਸਟ ਭਾਰਤ ਘੁੰਮਣ ਲਈ ਆਕਰਸ਼ਤ ਹੋਣਗੇ।


Related News