ਰਿਜ਼ਰਵ ਬੈਂਕ ਬਦਲੇਗਾ ਪਾਲਿਸੀ, ਸਸਤਾ ਹੋਵੇਗਾ ਹੋਮ ਤੇ ਕਾਰ ਲੋਨ!

12/11/2018 3:53:09 PM

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ 24ਵੇਂ ਗਵਰਨਰ ਉਰਜਿਤ ਪਟੇਲ ਵੱਲੋਂ ਅਸਤੀਫਾ ਦਿੱਤੇ ਜਾਣ ਪਿੱਛੋਂ ਬਾਜ਼ਾਰ 'ਚ ਨਵੇਂ ਗਵਰਨਰ ਦੀ ਨਿਯੁਕਤੀ ਨੂੰ ਲੈ ਕੇ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲਾਂਕਿ ਨਵਾਂ ਗਵਰਨਰ ਕੌਣ ਹੋਵੇਗਾ ਇਸ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਬਾਜ਼ਾਰ ਨੂੰ ਮਿਲੀ ਥੋੜ੍ਹੀ ਜਿਹੀ ਜਾਣਕਾਰੀ ਨਾਲ ਰੁਪਏ ਅਤੇ ਬਾਂਡ ਮਾਰਕੀਟ 'ਚ ਸੁਧਾਰ ਦੇਖਣ ਨੂੰ ਮਿਲਿਆ। ਬਾਜ਼ਾਰ ਨੂੰ ਉਮੀਦ ਹੈ ਕਿ ਆਰ. ਬੀ. ਆਈ. ਦਾ ਨਵਾਂ ਗਵਰਨਰ ਵਿਆਜ ਦਰਾਂ ਘਟਾਏਗਾ ਅਤੇ ਸਿਸਟਮ 'ਚ ਨਕਦੀ ਦੀ ਸਮੱਸਿਆ ਨੂੰ ਵੀ ਦੂਰ ਕਰੇਗਾ। ਇਸ ਦੇ ਨਾਲ ਹੀ ਬੈਂਕਿੰਗ ਨਿਯਮਾਂ 'ਚ ਵੀ ਢਿੱਲ ਮਿਲੇਗੀ। ਇਨ੍ਹਾਂ ਅਟਕਲਾਂ ਦੇ ਬਾਅਦ ਸਟਾਕ ਬਾਜ਼ਾਰ 'ਚ ਜਾਰੀ ਗਿਰਾਵਟ ਤਕਰੀਬਨ ਇਕ ਘੰਟੇ ਪਿੱਛੋਂ ਹੀ ਰੁਕ ਗਈ ਅਤੇ ਰੁਪਏ 'ਚ ਵੀ ਹੇਠਲੇ ਪੱਧਰ 'ਤੇ ਸੁਧਾਰ ਦੇਖਣ ਨੂੰ ਮਿਲਿਆ।

ਇਕ ਸੀਨੀਅਰ ਮਨੀ ਮਾਰਕੀਟ ਟਰੇਡਰ ਨੇ ਕਿਹਾ ਕਿ ਬਾਜ਼ਾਰ ਉਮੀਦ ਕਰ ਰਿਹਾ ਹੈ ਕਿ ਨਵਾਂ ਗਵਰਨਰ ਪਾਲਿਸੀ ਨੂੰ ਲੈ ਕੇ ਸਹੀ ਰੁਖ਼ ਅਪਣਾਏਗਾ। ਉਨ੍ਹਾਂ ਕਿਹਾ ਕਿ ਮਹਿੰਗਾਈ ਘੱਟ ਹੋਈ ਹੈ ਅਤੇ ਮਾਨਿਟਰੀ ਪਾਲਿਸੀ ਅਸਾਨ ਹੋਣ ਦੀ ਗੁੰਜਾਇਸ਼ ਹੈ। ਹਾਲ ਹੀ 'ਚ 5 ਦਸੰਬਰ ਦੀ ਮਾਨਿਟਰੀ ਪਾਲਿਸੀ ਮੀਟਿੰਗ 'ਚ ਆਰ. ਬੀ. ਆਈ. ਨੇ ਪਾਲਿਸੀ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਸੀ। ਹਾਲਾਂਕਿ ਮਹਿੰਗਾਈ ਅਨੁਮਾਨ 'ਚ ਕਟੌਤੀ ਜ਼ਰੂਰ ਕੀਤੀ ਸੀ। 
ਬਾਜ਼ਾਰ ਦੀ ਧਾਰਨਾ ਮਜਬੂਤ ਹੋਣ ਨਾਲ ਮੰਗਲਵਾਰ ਨੂੰ ਦੁਪਹਿਰ ਸਮੇਂ ਬਾਂਡ ਯੀਲਡ ਵੀ ਘਟ ਕੇ 7.50 ਫੀਸਦੀ 'ਤੇ ਆ ਗਈ, ਜੋ ਬਾਜ਼ਾਰ ਖੁੱਲ੍ਹਣ ਦੌਰਾਨ 7.70 ਫੀਸਦੀ 'ਤੇ ਪਹੁੰਚ ਗਈ ਸੀ। ਉੱਥੇ ਹੀ ਇਸ ਦੌਰਾਨ ਰੁਪਿਆ ਵੀ ਰਿਕਵਰ ਹੋ ਕੇ 71.80 ਡਾਲਰ 'ਤੇ ਆ ਗਿਆ, ਜੋ 74.46 ਦੇ ਪੱਧਰ 'ਤੇ ਖੁੱਲ੍ਹਾ ਸੀ। ਦੁਪਹਿਰ ਦੇ ਸੈਸ਼ਨ 'ਚ ਬੈਂਕਿੰਗ ਸਟਾਕਸ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਬਾਜ਼ਾਰ ਨੂੰ ਲੱਗਦਾ ਹੈ ਕਿ ਜਿਨ੍ਹਾਂ 12 ਬੈਂਕਾਂ 'ਤੇ ਤੁਰੰਤ ਸੁਧਾਰਤਮਕ ਕਾਰਵਾਈ (ਪੀ. ਸੀ. ਏ.) ਤਹਿਤ ਵੱਖ-ਵੱਖ ਤਰ੍ਹਾਂ ਦੀ ਪਾਬੰਦੀ ਲੱਗੀ ਹੈ ਉਨ੍ਹਾਂ ਨੂੰ ਹੁਣ ਢਿੱਲ ਮਿਲ ਸਕਦੀ ਹੈ।