ਹੌਂਡਾ ਦੇ ਸ਼ੌਕੀਨਾਂ ਨੂੰ ਝਟਕਾ, ਕੰਪਨੀ ਨੇ ਬੰਦ ਕੀਤੀ ਇਹ ਗੱਡੀ

02/10/2019 2:33:14 PM

ਨਵੀਂ ਦਿੱਲੀ— ਹੁਣ ਬਾਜ਼ਾਰ 'ਚ ਨਵੀਂ ਹੌਂਡਾ ਬ੍ਰਿਓ ਨਹੀਂ ਮਿਲੇਗੀ। ਜਪਾਨ ਦੀ ਕਾਰ ਕੰਪਨੀ ਹੌਂਡਾ ਨੇ ਭਾਰਤ 'ਚ ਆਪਣੀ ਹੈਚਬੈਕ ਕਾਰ ਬ੍ਰਿਓ ਦਾ ਨਿਰਮਾਣ ਬੰਦ ਕਰ ਦਿੱਤਾ ਹੈ। ਹੌਂਡਾ ਨੇ ਤਕਰੀਬਨ 17 ਸਾਲ ਪਹਿਲਾਂ ਇਸ ਮਾਡਲ ਨੂੰ ਭਾਰਤੀ ਬਾਜ਼ਾਰ 'ਚ ਉਤਾਰਿਆ ਸੀ। ਕੰਪਨੀ ਦੀ ਯੋਜਨਾ ਹੁਣ ਕੰਪੈਕਟ ਸਿਡਾਨ ਅਮੇਜ਼ ਦੀ ਵਿਕਰੀ ਨੂੰ ਵਧਾਉਣਾ ਹੈ। ਇਹ ਭਾਰਤੀ ਬਾਜ਼ਾਰ 'ਚ ਕੰਪਨੀ ਦੀ ਸਭ ਤੋਂ ਘੱਟ ਕੀਮਤ ਵਾਲੀ ਕਾਰ ਹੋਵੇਗੀ।

 

ਹੌਂਡਾ ਕਾਰਸ ਇੰਡੀਆ ਦੇ ਸੀਨੀਅਰ ਉਪ ਪ੍ਰਧਾਨ ਤੇ ਨਿਰਦੇਸ਼ਕ (ਵਿਕਰੀ ਤੇ ਮਾਰਕੀਟਿੰਗ) ਰਾਜੇਸ਼ ਗੋਇਲ ਨੇ ਕਿਹਾ, ''ਸਾਡੀ ਸ਼ੁਰੂਆਤੀ ਕੀਮਤ ਵਾਲੀ ਕਾਰ ਹੁਣ ਅਮੇਜ਼ ਹੈ। ਅਸੀਂ ਬ੍ਰਿਓ ਦਾ ਨਿਰਮਾਣ ਬੰਦ ਕਰ ਦਿੱਤਾ ਹੈ ਅਤੇ ਫਿਲਹਾਲ ਭਾਰਤ 'ਚ ਬ੍ਰਿਓ ਦਾ ਅਗਲਾ ਸੰਸਕਰਣ ਲਿਆਉਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ।'' ਉਨ੍ਹਾਂ ਕਿਹਾ ਕਿ ਗਾਹਕ ਹੁਣ ਵੱਡੇ ਮਾਡਲਾਂ 'ਚ ਦਿਲਚਸਪੀ ਦਿਖਾ ਰਹੇ ਹਨ ਅਤੇ ਹੋਰ ਗਲੋਬਲ ਬਾਜ਼ਾਰਾਂ 'ਚ ਵੀ ਇਹੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਗੋਇਲ ਨੇ ਕਿਹਾ ਕਿ ਪਿਛਲੇ ਸਾਲ ਭਾਰਤ 'ਚ ਸਿਡਾਨ ਦੀ ਵਿਕਰੀ ਜ਼ਿਆਦਾ ਰਹੀ। ਉਨ੍ਹਾਂ ਕਿਹਾ ਕਿ ਭਾਰਤ 'ਚ ਅਜਿਹਾ 6-7 ਸਾਲ ਪਹਿਲਾਂ ਹੋਣਾ ਚਾਹੀਦਾ ਸੀ।
ਗੋਇਲ ਨੇ ਕਿਹਾ ਕਿ ਜੈਜ ਅਤੇ ਡਬਲਿਊ ਆਰ-ਵੀ ਦੋ ਹੋਰ ਮਾਡਲ ਹਨ, ਜੋ ਛੋਟੀ ਕਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। ਹੌਂਡਾ ਨੇ ਸਤੰਬਰ 2001 'ਚ ਬ੍ਰਿਓ ਨੂੰ ਭਾਰਤੀ ਬਾਜ਼ਾਰ 'ਚ ਉਤਾਰਿਆ ਸੀ ਅਤੇ ਹੁਣ ਤਕ 97,000 ਕਾਰਾਂ ਦੀ ਵਿਕਰੀ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 2017 'ਚ ਮੋਬੀਲਿਓ ਦੀ ਵਿਕਰੀ ਬੰਦ ਕਰ ਦਿੱਤੀ ਸੀ। ਹੌਂਡਾ ਨੇ ਮੰਗ ਘੱਟ ਹੋਣ ਕਾਰਨ ਇਹ ਕਦਮ ਉਠਾਇਆ ਸੀ।