ਹਰਬਲ ਵਾਰ ’ਚ ਪੱਛੜੀ ਪਤੰਜਲੀ ਆਯੁਰਵੇਦ, ਘਟਿਆ ਮਾਰਕੀਟ ਸ਼ੇਅਰ

09/26/2019 1:07:35 PM

ਮੁੰਬਈ — ਪਤੰਜਲੀ ਆਯੁਰਵੇਦ ਦਾ ਮਾਰਕੀਟ ਸ਼ੇਅਰ ਪਿਛਲੇ ਇਕ ਸਾਲ ’ਚ ਟੁੱਥਪੇਸਟ ਤੋਂ ਇਲਾਵਾ ਲਗਭਗ ਹਰ ਕੈਟਾਗਰੀ ’ਚ ਘਟਿਆ ਹੈ। ਗਾਹਕਾਂ ’ਚ ਨੈਚੁਰਲ ਪ੍ਰੋਡਕਟਸ ਦੀ ਮੰਗ ਵਧਣ ਨਾਲ ਕਈ ਕੰਪਨੀਆਂ ਨੇ ਆਪਣੇ ਹਰਬਲ ਬ੍ਰਾਂਡ ਲਾਂਚ ਕੀਤੇ ਹਨ। ਰਿਸਰਚ ਫਰਮ ਨੀਲਸਨ ਦੇ ਡਾਟਾ ਮੁਤਾਬਕ ਡਿਟਰਜੈਂਟ, ਹੇਅਰ ਕੇਅਰ, ਸਾਬਣ, ਨੂਡਲਸ ਵਰਗੀ ਕੈਟਾਗਰੀ ’ਚ ਯੋਗ ਗੁਰੂ ਰਾਮਦੇਵ ਦੀ ਪਤੰਜਲੀ ਦਾ ਮਾਰਕੀਟ ਸ਼ੇਅਰ ਇਸ ਸਾਲ ਦੇ ਜੁਲਾਈ ਤੱਕ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਘੱਟ ਰਿਹਾ। ਕੰਜ਼ਿਊਮਰ ਸੈਗਮੈਂਟ ’ਚ ਮਲਟੀਨੈਸ਼ਨਲ ਕੰਪਨੀਆਂ ਨੂੰ ਚੁਣੌਤੀ ਦੇਣ ਵਾਲੀ ਪਤੰਜਲੀ ਦੀ ਵਿੱਤੀ ਸਾਲ 2019 ਦੀ ਕੁਲ ਸੇਲਸ ’ਚ ਵੀ ਗਿਰਾਵਟ ਹੋਈ।

2 ਸਾਲ ਪਹਿਲਾਂ ਲਾਗੂ ਹੋਏ ਜੀ. ਐੱਸ. ਟੀ. ਨਾਲ ਟ੍ਰੇਡ ’ਚ ਆਏ ਬਦਲਾਵਾਂ ਅਤੇ ਹੋਰ ਕੰਪਨੀਆਂ ਦੇ ਆਯੁਰਵੇਦਕ ਪ੍ਰੋਡਕਟਸ ਨਾਲ ਮੁਕਾਬਲਾ ਵਧਣ ਕਾਰਣ ਪਤੰਜਲੀ ਨੂੰ ਨੁਕਸਾਨ ਹੋਇਆ ਹੈ। ਇਡਲਵਾਈਜ਼ ਰਿਸਰਚ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ (ਇੰਸਟੀਚਿਊਸ਼ਨਲ ਇਕਵਿਟੀ) ਅਵਨੀਸ਼ ਰਾਏ ਨੇ ਦੱਸਿਆ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਕੰਪਨੀ ਨੂੰ ਡਿਸਟ੍ਰੀਬਿਊਸ਼ਨ ’ਚ ਮੁਸ਼ਕਿਲ ਹੋਣ ਲੱਗੀ। ਉਨ੍ਹਾਂ ਦੇ ਕੋਲ ਗੁਡਸ ਦੇ ਰਿਟਰਨ ਸੰਭਾਲਣ ਲਈ ਸੁਵਿਧਾਵਾਂ ਨਹੀਂ ਸਨ। ਹੋਰ ਕੰਪਨੀਆਂ ਦੇ ਕਿਫਾਇਤੀ ਨੈਚੁਰਲ ਪ੍ਰੋਡਕਟ ਲਾਂਚ ਹੋਣ ਨਾਲ ਵੀ ਪਤੰਜਲੀ ਨੂੰ ਨੁਕਸਾਨ ਹੋਇਆ। ਕੰਪਨੀ ਦਾ ਡਿਸਟ੍ਰੀਬਿਊਸ਼ਨ ਨੈੱਟਵਰਕ ਉਨ੍ਹਾਂ ਕੰਪਨੀਆਂ ਦੇ ਮੁਕਾਬਲੇ ਸੀਮਿਤ ਸੀ।