ਮਹਿੰਗੀ ਹੋਈ ਸ਼ਿਮਲਾ-ਚੰਡੀਗੜ੍ਹ 'ਹੈਲੀ ਉਡਾਣ', ਇੰਨਾ ਪਵੇਗਾ ਜੇਬ 'ਤੇ ਭਾਰ

06/22/2018 3:25:36 PM

ਚੰਡੀਗੜ੍ਹ/ਸ਼ਿਮਲਾ— ਹੁਣ ਚੰਡੀਗੜ੍ਹ-ਸ਼ਿਮਲਾ ਦਾ ਸਫਰ ਹੈਲੀਕਾਪਟਰ 'ਚ ਪਹਿਲਾਂ ਨਾਲੋਂ ਮਹਿੰਗਾ ਪਵੇਗਾ। ਸਰਕਾਰ ਨੇ ਕਿਰਾਏ 'ਚ 500 ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਹ ਵਾਧਾ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ। ਚੰਡੀਗੜ੍ਹ ਤੋਂ ਸ਼ਿਮਲਾ ਲਈ ਪਵਨ ਹੰਸ ਦੇ ਹੈਲੀਕਾਪਟਰ 'ਚ ਸੀਟ ਬੁੱਕ ਕਰਨ ਲਈ ਯਾਤਰੀ ਨੂੰ ਹੁਣ 3,499 ਰੁਪਏ ਖਰਚਣੇ ਪੈਣਗੇ। ਪਹਿਲਾਂ ਇਹ ਕਿਰਾਇਆ 2,999 ਰੁਪਏ ਪ੍ਰਤੀ ਯਾਤਰੀ ਸੀ। ਹਾਲਾਂਕਿ ਗਰਮੀ ਦੀਆਂ ਛੁੱਟੀਆਂ 'ਚ ਸ਼ਿਮਲਾ ਘੁੰਮਣ ਦਾ ਪਲਾਨ ਬਣਾ ਰਹੇ ਲੋਕਾਂ ਲਈ ਹਵਾਈ ਸਫਰ ਕਰਨ ਦਾ ਚੰਗਾ ਮੌਕਾ ਹੈ।

ਪਵਨ ਹੰਸ ਦੇ ਹੈਲੀਕਾਪਟਰ 'ਚ ਚੰਡੀਗੜ੍ਹ-ਸ਼ਿਮਲਾ ਦੇ ਸਫਰ ਲਈ ਟਿਕਟ ਉਸ ਦੀ ਵੈੱਬਸਾਈਟ 'ਤੇ ਬੁੱਕ ਕਰਾਈ ਜਾ ਸਕਦੀ ਹੈ। ਹਾਲ ਹੀ 'ਚ 4 ਜੂਨ ਨੂੰ ਸ਼ਿਮਲਾ-ਚੰਡੀਗੜ੍ਹ ਵਿਚਕਾਰ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਗਈ ਸੀ। ਹੈਲੀਕਾਪਟਰ 'ਚ ਚੰਡੀਗੜ੍ਹ ਤੋਂ ਸ਼ਿਮਲਾ ਜਾਣ 'ਚ 30 ਮਿੰਟ ਦਾ ਸਮਾਂ ਲੱਗਦਾ ਹੈ। ਪਹਿਲਾਂ-ਪਹਿਲਾਂ ਇਹ ਉਡਾਣ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਉਪਲੱਬਧ ਸੀ ਅਤੇ ਹੁਣ ਇਹ ਸੇਵਾ ਬੁੱਧਵਾਰ ਨੂੰ ਵੀ ਮਿਲੇਗੀ। ਚੰਡੀਗੜ੍ਹ ਤੋਂ ਹੈਲੀਕਾਪਟਰ ਦੇ ਉਡਾਣ ਭਰਨ ਦਾ ਸਮਾਂ 9 ਵਜੇ ਹੈ ਅਤੇ ਇਹ 9.30 ਵਜੇ ਤਕ ਸ਼ਿਮਲਾ ਪਹੁੰਚ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸ਼ਿਮਲਾ ਅਤੇ ਚੰਡੀਗੜ੍ਹ ਵਿਚਕਾਰ ਹੈਲੀਕਾਪਟਰ ਸੇਵਾ ਹਿਮਾਚਲ ਸਰਕਾਰ ਨੇ ਸ਼ੁਰੂ ਕੀਤੀ ਸੀ। 4 ਜੂਨ ਨੂੰ  ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸ਼ਿਮਲਾ-ਚੰਡੀਗੜ੍ਹ ਵਿਚਕਾਰ ਹੈਲੀ-ਟੈਕਸੀ ਸੇਵਾ ਨੂੰ ਹਰੀ ਝੰਡੀ ਦਿਖਾਈ ਸੀ।