ਹੁਣ ਜਲਦੀ ਹੀ ਹਵਾਈ ਸਫਰ ਦੌਰਾਨ ਫਲਾਈਟ ''ਚ ਮਿਲ ਸਕੇਗੀ ਸਿਹਤਮੰਦ ਸ਼ਹਿਦ ਦੀ ਮਿਠਾਸ

01/07/2020 6:13:50 PM

ਨਵੀਂ ਦਿੱਲੀ — ਹਵਾਈ ਸਫਰ ਨੂੰ ਸੁਖਦ ਅਤੇ ਅਰਾਮਦਾਇਕ ਬਣਾਉਣ ਲਈ ਵੱਖ-ਵੱਖ ਏਅਰਲਾਈਨਜ਼ ਸਮੇਂ-ਸਮੇਂ 'ਤੇ ਕੁਝ ਨਾ ਕੁਝ ਨਵਾਂ ਕਰਦੀਆਂ ਹੀ ਰਹਿੰਦੀਆਂ ਹਨ। ਇਸੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਜਲਦੀ ਹੀ ਫਲਾਈਟ 'ਚ ਚਾਹ ਜਾਂ ਕੌਫੀ ਲਈ ਮਿੱਠੇ ਵਜੋਂ ਖੰਡ ਦੀ ਬਜਾਏ ਸ਼ਹਿਦ ਦੇ ਸੈਸ਼ੇ ਦਿੱਤੇ ਜਾ ਸਕਦੇ ਹਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੁਣੇ 'ਚ ਕੇਂਦਰੀ ਬੀ ਰਿਸਰਚ ਐਂਡ ਟ੍ਰੇਨਿੰਗ ਇੰਸਟੀਚਿਊਟ (ਸੀ.ਬੀ.ਆਰ.ਟੀ.ਆਈ) ਵਿਖੇ ਕਿਹਾ ਕਿ ਉਹ ਏਅਰਲਾਈਂਸ ਨੂੰ ਬੇਨਤੀ ਕਰਨਗੇ ਕਿ ਉਹ ਯਾਤਰੀਆਂ ਨੂੰ ਸ਼ਹਿਦ ਆਫਰ ਕਰਨ।

ਯਾਤਰੀਆਂ ਨੂੰ ਮਿਲੇਗਾ ਖੰਡ ਜਾਂ ਸ਼ਹਿਦ ਦਾ ਵਿਕਲਪ

ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰੀ ਗਡਕਰੀ ਨੇ ਕਿਹਾ ਕਿ ਆਮ ਤੌਰ 'ਤੇ ਇਕ ਚਮਚ ਸ਼ਹਿਦ ਵਿਚ ਤਿੰਨ ਚਮਚ ਚੀਨੀ ਦੇ ਬਰਾਬਰ ਮਿਠਾਸ ਹੁੰਦੀ ਹੈ। ਵਰਤਮਾਨ ਸਮੇਂ 'ਚ ਯਾਤਰੀਆਂ ਨੂੰ ਰਿਫਾਇੰਡ ਚੀਨੀ(ਖੰਡ) ਦੇ ਸੈਸ਼ੇ ਦਿੱਤੇ ਜਾਂਦੇ ਹਨ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਫਲਾਈਟ ਅਤੇ ਹੋਟਲਾਂ 'ਚ ਸ਼ਹਿਦ ਦੇ ਸੈਸ਼ੇ ਜਾਂ ਕਿਊਬ ਉਪਲੱਬਧ ਕਰਵਾ ਸਕੀਏ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਕੋਲ ਚੀਨੀ ਅਤੇ ਸ਼ਹਿਦ ਦੀ ਚੋਣ ਕਰਨ ਦਾ ਵਿਕਲਪ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਏਅਰ ਇੰਡੀਆ, ਇੰਡੀਗੋ, ਸਪਾਈਸ ਜੈੱਟ, ਗੋਏਅਰ ਅਤੇ ਖਾਦੀ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਪਰਸਨਸ ਨੂੰ ਬੁਲਾਵਾਂਗਾ ਅਤੇ ਉਨ੍ਹਾਂ ਨੂੰ ਫਲਾਈਟ ਅਤੇ ਹੋਟਲਾਂ ਵਿਚ ਦੋਵੇਂ ਵਿਕਲਪ ਮੁਹੱਈਆ ਕਰਾਉਣ ਦੀ ਬੇਨਤੀ ਕਰਾਂਗਾ।

ਪੇਂਡੂ ਅਰਥਚਾਰੇ ਨੂੰ ਉਤਸ਼ਾਹਿਤ ਕਰਨ ਦਾ ਟੀਚਾ

ਸਰਕਾਰ ਨੇ ਸ਼ਹਿਦ ਦੇ ਸਮੂਹ ਬਣਾਏ ਜਾਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਸ਼ਹਿਦ ਦੇ ਉਤਪਾਦਨ ਨੂੰ ਵਧਾਉਣ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਸਰਕਾਰ ਸ਼ਹਿਦ ਤੋਂ ਵੱਖ ਵੱਖ ਉਤਪਾਦ ਤਿਆਰ ਕਰਨ ਦੀ ਵੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੂਹ ਪੇਂਡੂ ਅਤੇ ਕਬੀਲਿਆਂ ਦੀ ਆਰਥਿਕਤਾ ਨੂੰ ਮਜ਼ਬੂਤ ​​ਹੁਲਾਰਾ ਦੇਣ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨੀ ਨੂੰ ਵਧਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਪੇਂਡੂ ਆਰਥਿਕਤਾ ਨੂੰ ਮਜ਼ਬੂਤ ​​ਕਰਨ ਅਤੇ ਅਗਲੇ ਪੰਜ ਸਾਲਾਂ ਵਿਚ ਇਸਦਾ ਕਾਰੋਬਾਰ ਪੰਜ ਲੱਖ ਕਰੋੜ ਰੁਪਏ ਕਰਨ ਦੀ ਦਿਸ਼ਾ ਵੱਲ ਕੰਮ ਕਰ ਰਿਹਾ ਹੈ।
 


Related News