ਘਰ ਖਰੀਦਣਾ ਪਵੇਗਾ ਮਹਿੰਗਾ, HDFC ਨੇ ਵਧਾਈਆਂ ਵਿਆਜ ਦਰਾਂ

Tuesday, Apr 10, 2018 - 03:52 PM (IST)

ਮੁੰਬਈ— ਰਿਹਾਇਸ਼ੀ ਕਰਜ਼ਾ ਦੇਣ ਵਾਲੀ ਕੰਪਨੀ ਐੱਚ. ਡੀ. ਐੱਫ. ਸੀ. ਨੇ ਹੋਮ ਲੋਨ ਮਹਿੰਗਾ ਕਰ ਦਿੱਤਾ ਹੈ। ਕੰਪਨੀ ਨੇ ਸਾਲ 2013 ਦੇ ਬਾਅਦ ਪਹਿਲੀ ਵਾਰ ਹੋਲ ਲੋਨ ਦੇ ਰੇਟ ਵਧਾਏ ਹਨ। ਐੱਚ. ਡੀ. ਐੱਫ. ਸੀ. ਨੇ ਹੋਮ ਲੋਨ ਦਰਾਂ 'ਚ 0.20 ਫੀਸਦੀ ਤਕ ਦਾ ਵਾਧਾ ਕੀਤਾ ਹੈ। ਹਾਲਾਂਕਿ ਇਸ ਨਾਲ ਜ਼ਿਆਦਾਤਰ ਗਾਹਕਾਂ 'ਤੇ ਬਹੁਤ ਘੱਟ ਅਸਰ ਹੋਵੇਗਾ ਕਿਉਂਕਿ ਘੱਟ ਰਾਸ਼ੀ ਦੇ ਕਰਜ਼ੇ 'ਤੇ ਵਿਆਜ ਦਰਾਂ 'ਚ ਥੋੜ੍ਹਾ-ਜਿਹਾ ਵਾਧਾ ਕੀਤਾ ਗਿਆ ਹੈ।
ਐੱਚ. ਡੀ. ਐੱਫ. ਸੀ. ਕੰਪਨੀ ਨੇ 30 ਲੱਖ ਰੁਪਏ ਤਕ ਦੇ ਹੋਮ ਲੋਨ 'ਤੇ ਵਿਆਜ ਦਰਾਂ 'ਚ 0.05 ਫੀਸਦੀ ਦਾ ਵਾਧਾ ਕੀਤਾ ਹੈ। ਇਸ ਮੁਤਾਬਕ, ਹੁਣ 30 ਲੱਖ ਰੁਪਏ ਤਕ ਦਾ ਹੋਮ ਲੋਨ (ਰਿਹਾਇਸ਼ੀ ਕਰਜ਼ਾ) 8.45 ਫੀਸਦੀ ਵਿਆਜ 'ਤੇ ਮਿਲੇਗਾ, ਜੋ ਪਹਿਲਾਂ 8.4 ਫੀਸਦੀ 'ਤੇ ਮਿਲ ਰਿਹਾ ਸੀ। ਇਸੇ ਤਰ੍ਹਾਂ ਮਹਿਲਾਵਾਂ ਨੂੰ ਹੁਣ 30 ਲੱਖ ਰੁਪਏ ਤਕ ਦਾ ਲੋਨ 8.4 ਫੀਸਦੀ ਵਿਆਜ 'ਤੇ ਮਿਲੇਗਾ, ਜੋ ਪਹਿਲਾਂ 8.35 ਫੀਸਦੀ 'ਤੇ ਮਿਲਦਾ ਸੀ।
ਉੱਥੇ ਹੀ, 30 ਤੋਂ 75 ਲੱਖ ਵਿਚਕਾਰ ਦਾ ਹੋਮ ਲੋਨ 0.20 ਫੀਸਦੀ ਮਹਿੰਗਾ ਹੋ ਗਿਆ ਹੈ। ਹੁਣ 30 ਤੋਂ 75 ਲੱਖ ਵਿਚਕਾਰ ਦਾ ਹੋਮ ਲੋਨ 8.60 ਫੀਸਦੀ ਵਿਆਜ 'ਤੇ ਮਿਲੇਗਾ, ਜਦੋਂ ਕਿ ਮਹਿਲਾਵਾਂ ਨੂੰ ਇੰਨੀ ਰਕਮ ਵਿਚਕਾਰ ਦਾ ਲੋਨ 8.55 ਫੀਸਦੀ ਵਿਆਜ 'ਤੇ ਉਪਲੱਬਧ ਹੋਵੇਗਾ। ਇਸ ਦੇ ਇਲਾਵਾ 75 ਲੱਖ ਰੁਪਏ ਤੋਂ ਵਧ ਦੇ ਕਰਜ਼ੇ 'ਤੇ ਮਹਿਲਾਵਾਂ ਲਈ ਵਿਆਜ ਦਰ 8.65 ਫੀਸਦੀ ਅਤੇ ਹੋਰਾਂ ਲਈ 8.70 ਫੀਸਦੀ ਹੋਵੇਗੀ। ਬੈਂਕ ਮੁਤਾਬਕ, ਵਿਆਜ ਦਰਾਂ 'ਚ ਵਾਧਾ 1 ਅਪ੍ਰੈਲ ਤੋਂ ਲਾਗੂ ਮੰਨਿਆ ਜਾਵੇਗਾ।


Related News