HDFC ਬੈਂਕ ਵੱਲੋਂ ਪੁਰੀ ਦੇ ਉਤਰਾਧਿਕਾਰੀ ਦੀ ਤਲਾਸ਼ ਪੂਰੀ, RBI ਦੀ ਮਨਜ਼ੂਰੀ ਦਾ ਇੰਤਜ਼ਾਰ

04/18/2020 9:28:48 PM

ਮੁੰਬਈ : ਦੇਸ਼ ਦੇ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐੱਚ. ਡੀ. ਐੱਫ. ਸੀ. ਦੇ ਨਿਰਦੇਸ਼ਕ ਮੰਡਲ ਨੇ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਪ੍ਰਬੰਧ ਨਿਰਦੇਸ਼ਕ ਆਦਿਤਯਾ ਪੁਰੀ ਦੇ ਉਤਰਾਧਿਕਾਰੀ ਦੀ ਚੋਣ ਦੇ ਸਿਲਸਿਲੇ ਵਿਚ ਸ਼ਨੀਵਾਰ ਨੂੰ ਕ੍ਰਮਵਾਰ ਤਿੰਨ ਸਭ ਤੋਂ ਵੱਧ ਮਜਬੂਤ ਉਮੀਦਵਾਰਾਂ ਦਾ ਨਾਂ ਛਾਂਟਿਆ ਹੈ। ਐੱਚ. ਡੀ. ਐੱਫ. ਸੀ. ਬੈਂਕ ਨੇ ਇਹ ਜਾਣਕਾਰੀ ਦਿੱਤੀ ਹੈ। ਐੱਚ. ਡੀ. ਐੱਫ. ਸੀ. ਬੈਂਕ ਦਾ ਗਠਨ ਤਕਰੀਬਨ 25 ਸਾਲ ਪਹਿਲਾਂ ਹੋਇਆ ਸੀ। ਤਦ ਤੋਂ ਪੁਰੀ ਹੀ ਬੈਂਕ ਮੁਖੀ ਹਨ। 

 

ਪੁਰੀ ਦੀ ਅਗਵਾਈ ਵਿਚ ਐੱਚ. ਡੀ. ਐੱਫ. ਸੀ. ਬੈਂਕ ਸਭ ਤੋਂ ਵੱਡਾ ਅਤੇ ਵੈਲਿਊਏਬਲ ਬੈਂਕ ਬਣਿਆ ਹੈ। ਬੈਂਕ ਦੇ ਨਿਰਦੇਸ਼ਕ ਮੰਡਲ ਨੇ ਪੁਰੀ ਦੇ ਉਤਰਾਧਿਕਾਰੀ ਦੀ ਖੋਜ ਲਈ ਇਕ ਕਮੇਟੀ ਨਿਯੁਕਤ ਕੀਤੀ ਸੀ। 
ਇਸ ਤੋਂ ਇਲਾਵਾ ਬਾਹਰੀ 'ਮਾਹਰਾਂ' ਦੀਆਂ ਵੀ ਸੇਵਾਵਾਂ ਲਈਆਂ ਗਈਆਂ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ ਵਿਚ ਕਿਹਾ ਹੈ ਕਿ ਬੈਂਕਾਂ ਦੇ ਨਿਰਦੇਸ਼ਕ ਮੰਡਲ ਨੇ ਸ਼ਨੀਵਾਰ ਨੂੰ ਪੁਰੀ ਦੇ ਉਤਰਾਧਿਕਾਰੀ ਦੇ ਰੂਪ ਵਿਚ ਤਿੰਨ ਨਾਂ ਛਾਂਟੇ ਹਨ। ਹਾਲਾਂਕਿ, ਇਸ ਸੂਚਨਾ ਵਿਚ ਤਿੰਨਾਂ ਦੇ ਨਾਵਾਂ ਨੂੰ ਜਨਤਕ ਨਹੀਂ ਕੀਤਾ ਗਿਆ। ਮੀਡੀਆ ਦੀਆਂ ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਚ ਸ਼ਸ਼ੀਧਰ ਜਗਦੀਸ਼ਨ, ਕੈਜਾਦ ਭੜੂਚਾ ਅਤੇ ਸੁਨੀਲ ਗਰਗ ਹਨ। ਜਗਦੀਸ਼ਨ ਅਤੇ ਭੜੂਚਾ ਇਸੇ ਬੈਂਕ ਵਿਚ ਹਨ, ਜਦਕਿ ਗਰਗ ਅਮਰੀਕੀ ਬੈਂਕਿੰਗ ਸਮੂਹ ਸਿਟੀ ਗਰੁੱਪ ਨਾਲ ਜੁੜੇ ਹਨ। ਇਸ ਵਿਚਕਾਰ, ਬੈਂਕ ਨੇ ਇਹ ਵੀ ਸੂਚਤ ਕੀਤਾ ਹੈ ਕਿ ਜਗਦੀਸ਼ਨ ਤੇ ਭਾਵੇਸ਼ ਝਾਵੇਰੀ ਨੇ ਰਿਜ਼ਰਵ ਬੈਂਕ ਦੇ ਹੁਕਮ ਤੋਂ ਬਾਅਦ ਐਡੀਸ਼ਨਲ ਡਾਇਰੈਕਟਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਿਜ਼ਰਵ ਬੈਂਕ ਨੇ ਨਿਰਦੇਸ਼ ਦਿੱਤਾ ਸੀ ਕਿ ਨਵੇਂ ਪ੍ਰਬੰਧਕ ਨਿਰਦੇਸ਼ਕ ਤੇ ਸੀ. ਈ. ਓ. ਦੇ ਕੰਮਕਾਜ ਸੰਭਾਲਣ ਤੱਕ ਉਨ੍ਹਾਂ ਦੀ ਨਿਯੁਕਤੀ ਨੂੰ ਟਾਲਿਆ ਜਾਵੇ। ਬੋਰਡ ਨੇ ਉਨ੍ਹਾਂ ਦੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਹੈ।


Sanjeev

Content Editor

Related News