ਬੈਂਕਿੰਗ ਸੈਕਟਰ ਤੋਂ ਗੁੱਡ ਨਿਊਜ਼, HDFC ਨੂੰ 7 ਹਜ਼ਾਰ ਕਰੋੜ ਤੋਂ ਵੱਧ ਦਾ ਮੁਨਾਫਾ

04/18/2020 8:21:05 PM

ਨਵੀਂ ਦਿੱਲੀ-  ਕੋਰੋਨਾ ਵਾਇਰਸ ਕਾਰਨ ਆਰਥਿਕਤਾ 'ਤੇ ਵੱਧ ਰਹੇ ਸੰਕਟ ਵਿਚਕਾਰ ਬੈਂਕਿੰਗ ਖੇਤਰ ਤੋਂ ਇਕ ਚੰਗੀ ਖ਼ਬਰ ਹੈ। ਪ੍ਰਾਈਵੇਟ ਸੈਕਟਰ ਦੇ ਪ੍ਰਮੁੱਖ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਨੇ ਵਿੱਤੀ ਸਾਲ 2019-20 ਦੀ ਚੌਥੀ ਤਿਮਾਹੀ ਵਿਚ 7280.22 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਹੈ। ਇਹ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਨਾਲੋਂ 15.4 ਫੀਸਦੀ ਵੱਧ ਹੈ। ਵਿੱਤੀ ਸਾਲ 2018-19 ਦੀ ਚੌਥੀ ਤਿਮਾਹੀ 'ਚ ਬੈਂਕ ਨੂੰ ਕੁੱਲ  6300.81 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।


ਐੱਚ. ਡੀ. ਐੱਫ. ਸੀ. ਬੈਂਕ ਨੇ ਮਾਰਚ ਤਿਮਾਹੀ ਵਿਚ 38,287.17 ਕਰੋੜ ਰੁਪਏ ਦੀ ਆਮਦਨ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2018-19 ਦੀ ਮਾਰਚ ਤਿਮਾਹੀ 'ਚ ਬੈਂਕ ਦੀ ਆਮਦਨ 33,260.48 ਕਰੋੜ ਰੁਪਏ ਸੀ। ਰੈਗੂਲੇਟਰੀ ਫਾਈਲਿੰਗ ਵਿਚ ਬੈਂਕ ਨੇ ਕਿਹਾ ਹੈ ਕਿ ਉਹ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਨਿਰਦੇਸ਼ ਅਨੁਸਾਰ ਵਿੱਤੀ ਸਾਲ 2019-20 ਵਿਚ ਮੁਨਾਫਿਆਂ ਨਾਲ ਸਬੰਧਤ ਲਾਭਅੰਸ਼ ਦਾ ਭੁਗਤਾਨ ਨਹੀਂ ਕਰੇਗਾ। ਰੈਗੂਲੇਟਰੀ ਫਾਈਲਿੰਗ ਅਨੁਸਾਰ ਐੱਚ. ਡੀ. ਐੱਫ. ਸੀ. ਬੈਂਕ ਦੇ ਡਾਇਰੈਕਟਰਜ਼ ਬੋਰਡ ਨੇ ਸ਼ਨੀਵਾਰ ਨੂੰ ਹੋਈ ਇਕ ਮੀਟਿੰਗ ਵਿਚ 31 ਮਾਰਚ, 2020 ਨੂੰ ਖਤਮ ਹੋਏ ਵਿੱਤੀ ਸਾਲ ਲਈ ਕਿਸੇ ਵੀ ਤਰ੍ਹਾਂ ਦੇ ਅੰਤਿਮ ਡਿਵੀਡੈਂਟ ਦਾ ਪ੍ਰਸਤਾਵ ਪੇਸ਼ ਨਹੀਂ ਕੀਤਾ। 

ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਆਰਥਿਕਤਾ' ਤੇ ਕੋਰੋਨਾ ਦੇ ਮਾੜੇ ਪ੍ਰਭਾਵ ਨੂੰ ਘਟਾਉਣ ਲਈ ਕਈ ਉਪਾਵਾਂ ਦੀ ਘੋਸ਼ਣਾ ਕੀਤੀ ਸੀ। ਇਸ ਦੌਰਾਨ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਸੀ ਕਿ ਕੋਈ ਵੀ ਬੈਂਕ 31 ਮਾਰਚ, 2020 ਨੂੰ ਖਤਮ ਹੋਏ ਵਿੱਤੀ ਵਰ੍ਹੇ ਲਈ ਲਾਭਅੰਸ਼ ਨਹੀਂ ਅਦਾ ਕਰੇਗਾ। ਆਰ. ਬੀ. ਆਈ. ਅਨੁਸਾਰ, ਲਾਭਅੰਸ਼ ਦੀ ਅਦਾਇਗੀ 'ਤੇ 30 ਸਤੰਬਰ ਤੱਕ ਪਾਬੰਦੀ ਲਗਾਈ ਗਈ ਹੈ। ਜੇਕਰ ਜ਼ਰੂਰੀ ਹੋਇਆ ਇਹ ਪਾਬੰਦੀ ਹੋਰ ਵੀ ਵਧਾਈ ਜਾ ਸਕਦੀ ਹੈ।


Sanjeev

Content Editor

Related News