ਐੱਚ. ਡੀ. ਐੱਫ. ਸੀ. ਬੈਂਕ ਨੇ ਦਿੱਤੀ ਵੱਡੀ ਰਾਹਤ, ਖਤਮ ਕੀਤੇ ਇਹ ਚਾਰਜ

11/07/2017 12:29:00 PM

ਨਵੀਂ ਦਿੱਲੀ— ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬੈਂਕ ਨੇ ਆਨਲਾਈਨ ਪੈਸੇ ਭੇਜਣ 'ਤੇ ਲੱਗਣ ਵਾਲੇ ਚਾਰਜ ਨੂੰ ਖਤਮ ਕਰ ਦਿੱਤਾ ਹੈ। ਹੁਣ ਛੋਟੇ ਅਤੇ ਵੱਡੇ ਲੈਣ-ਦੇਣ ਆਨਲਾਈਨ ਕਰਨ 'ਤੇ ਕੋਈ ਚਾਰਜ ਨਹੀਂ ਦੇਣਾ ਹੋਵੇਗਾ। ਐੱਚ. ਡੀ. ਐੱਫ. ਸੀ. ਦੇ ਗਾਹਕ ਬਿਨਾਂ ਕਿਸੇ ਚਾਰਜ ਦੇ ਆਨਲਾਈਨ ਪੈਸੇ ਟਰਾਂਸਫਰ ਕਰ ਸਕਣਗੇ। ਬੈਂਕ ਨੇ ਇਕ ਸੂਚਨਾ 'ਚ ਕਿਹਾ ਕਿ ਉਸ ਦੇ ਗਾਹਕਾਂ ਨੂੰ ਆਰ. ਟੀ. ਜੀ. ਐੱਸ. ਅਤੇ ਐੱਨ. ਈ. ਐੱਫ. ਟੀ. ਜ਼ਰੀਏ ਆਨਲਾਈਨ ਲੈਣ-ਦੇਣ 'ਤੇ ਹੁਣ ਕੋਈ ਚਾਰਜ ਨਹੀਂ ਦੇਣਾ ਹੋਵੇਗਾ ਅਤੇ ਇਹ ਨਿਯਮ 1 ਨਵੰਬਰ 2017 ਤੋਂ ਲਾਗੂ ਹੋ ਚੁੱਕਾ ਹੈ।
ਬੈਂਕ ਨੇ ਕਿਹਾ ਕਿ ਉਸ ਨੇ ਇਹ ਕਦਮ ਡਿਜੀਟਲ ਅਰਥਵਿਵਸਥਾ ਨੂੰ ਉਤਸ਼ਾਹਤ ਕਰਨ ਲਈ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਗਾਹਕਾਂ ਨੂੰ ਆਰ. ਟੀ. ਜੀ. ਐੱਸ. ਜ਼ਰੀਏ 2 ਤੋਂ 5 ਲੱਖ ਰੁਪਏ ਤਕ ਦੇ ਆਨਲਾਈਨ ਲੈਣ-ਦੇਣ 'ਤੇ 25 ਰੁਪਏ ਚਾਰਜ ਦੇਣਾ ਪੈਂਦਾ ਸੀ। ਉੱਥੇ ਹੀ, ਐੱਨ. ਈ. ਐੱਫ. ਟੀ. ਜ਼ਰੀਏ 10,000 ਰੁਪਏ ਤੋਂ ਘੱਟ ਦੇ ਲੈਣ-ਦੇਣ 'ਤੇ 2.5 ਰੁਪਏ ਅਤੇ 10,001 ਤੋਂ 1 ਲੱਖ ਰੁਪਏ ਤਕ 5 ਰੁਪਏ ਦਾ ਚਾਰਜ ਲੱਗਦਾ ਸੀ। ਇਸ ਦੇ ਇਲਾਵਾ 1 ਲੱਖ ਤੋਂ ਉੱਪਰ 2 ਲੱਖ ਰੁਪਏ ਤਕ ਇਹ ਚਾਰਜ 15 ਰੁਪਏ ਸੀ। ਇਨ੍ਹਾਂ ਚਾਰਜ 'ਤੇ 18 ਫੀਸਦੀ ਜੀ. ਐੱਸ. ਟੀ. ਵੀ ਲੱਗਦਾ ਸੀ।
PunjabKesari
ਇਕ ਚੈੱਕ ਬੁੱਕ ਹੀ ਮਿਲੇਗੀ ਮੁਫਤ
ਹਾਲਾਂਕਿ ਬੈਂਕ ਨੇ ਚੈੱਕ ਬੁੱਕ 'ਤੇ ਚਾਰਜ ਬਦਲਣ ਦਾ ਐਲਾਨ ਕੀਤਾ ਹੈ। ਹੁਣ ਗਾਹਕਾਂ ਨੂੰ ਸਾਲ 'ਚ ਇਕ ਹੀ ਚੈੱਕ ਬੁੱਕ ਮੁਫਤ ਮਿਲੇਗੀ, ਜਦੋਂ ਕਿ ਦੂਜੀ ਲੈਣ 'ਤੇ ਫੀਸ ਦੇਣੀ ਹੋਵੇਗੀ। ਇਸ ਤਹਿਤ 25 ਪੇਜ ਦੀ ਚੈੱਕ ਬੁੱਕ ਖਾਤਾ ਧਾਰਕ ਨੂੰ ਸਾਲ 'ਚ ਇਕ ਵਾਰ ਹੀ ਮੁਫਤ ਮਿਲੇਗੀ। ਇਸ ਤੋਂ ਪਹਿਲਾਂ ਖਾਤਾ ਧਾਰਕ ਨੂੰ 2 ਚੈੱਕ ਬੁੱਕ ਮੁਫਤ ਮਿਲਦੀਆਂ ਸਨ। ਦੂਜੀ ਚੈੱਕ ਬੁੱਕ ਦੀ ਫੀਸ 75 ਰੁਪਏ ਹੋਵੇਗੀ। ਇਸ ਦੇ ਇਲਾਵਾ ਜੇਕਰ ਪੇਮੈਂਟ ਲਈ ਦਿੱਤਾ ਗਿਆ ਚੈੱਕ ਬਾਊਂਸ ਹੁੰਦਾ ਹੈ ਤਾਂ 500 ਰੁਪਏ ਜੁਰਮਾਨਾ ਲੱਗੇਗਾ। ਉੱਥੇ ਹੀ, ਜੇਕਰ ਕਿਸੇ ਵੱਲੋਂ ਪੇਮੈਂਟ ਲਈ ਜਮ੍ਹਾ ਕਰਾਇਆ ਗਿਆ ਚੈੱਕ ਵਾਪਸ ਜਾਂਦਾ ਹੈ ਤਾਂ ਉਸ 'ਤੇ ਹੁਣ 100 ਰੁਪਏ ਦੀ ਬਜਾਏ 200 ਰੁਪਏ ਜੁਰਮਾਨਾ ਲੱਗੇਗਾ।


Related News