''ਸਮੇਂ ''ਤੇ ਭਰੋ GST ਰਿਟਰਨ, ਨਹੀਂ ਤਾਂ ਖੁੱਸ ਸਕਦੀ ਹੈ ਈ-ਵੇਅ ਬਿੱਲ ਦੀ ਸਹੂਲਤ''

01/20/2019 9:14:37 PM

ਨਵੀਂ ਦਿੱਲੀ— ਕੀ ਤੁਸੀਂ ਵਸਤੂ ਤੇ ਸੇਵਾਕਰ (ਜੀ. ਐੱਸ. ਟੀ) ਰਜਿਸਟ੍ਰੇਸ਼ਨ ਕਰਵਾਈ ਹੈ? ਕੀ ਤੁਸੀਂ ਈ-ਵੇਅ ਬਿੱਲ ਦੀ ਸਹੂਲਤ ਦਾ ਲਾਭ ਲੈਂਦੇ ਹੋ? ਕੀ ਤੁਸੀਂ ਨਿਯਮਿਤ ਸਮੇਂ 'ਤੇ ਆਪਣਾ ਜੀ.ਐੱਸ.ਟੀ. ਰਿਟਰਨ ਦਾਖਲ ਕਰਦੇ ਹੋ? ਜੇਕਰ ਨਹੀਂ ਤਾਂ ਸੰਭਵ ਹੈ ਕਿ ਸਾਮਾਨਾਂ ਦੀ ਢੁਆਈ ਲਈ ਈ-ਵੇਅ ਬਿੱਲ ਜਾਰੀ ਕਰਨ ਦੀ ਤੁਹਾਡੀ ਸਹੂਲਤ ਖੁੱਸ ਸਕਦੀ ਹੈ।
ਜੀ. ਐੱਸ. ਟੀ. ਪ੍ਰਣਾਲੀ ਲਈ ਸੂਚਨਾ ਤਕਨੀਕੀ ਢਾਂਚਾ ਉਪਲੱਬਧ ਕਰਵਾਉਣ ਵਾਲੀ ਕੰਪਨੀ ਜੀ. ਐੱਸ. ਟੀ. ਨੈੱਟਵਰਕ (ਜੀ. ਐੱਸ. ਟੀ.ਐੱਨ) ਇਕ ਅਜਿਹੀ ਪ੍ਰਣਾਲੀ ਵਿਕਸਿਤ ਕਰ ਰਹੀ ਹੈ, ਜੋ ਕਾਰੋਬਾਰੀਆਂ ਦੇ ਜੀ.ਐੱਸ.ਟੀ. ਰਿਟਰਨ ਦਾਖਲ ਨਾ ਕਰਨ 'ਤੇ ਨਜ਼ਰ ਰੱਖੇਗੀ। ਅਜਿਹੇ 'ਚ ਜੇਕਰ ਕੋਈ ਕਾਰੋਬਾਰੀ 2 ਰਿਟਰਨ ਦੌਰ 'ਚ ਜੀ. ਐੱਸ. ਟੀ. ਰਿਟਰਨ ਯਾਨੀ 6 ਮਹੀਨਿਆਂ ਤੱਕ ਕੋਈ ਜੀ.ਐੱਸ.ਟੀ. ਰਿਟਰਨ ਦਾਖਲ ਨਹੀਂ ਕਰਦਾ ਹੈ ਤਾਂ ਪ੍ਰਣਾਲੀ ਉਸ ਨੂੰ ਈ-ਵੇ ਬਿੱਲ ਬਣਾਉਣ ਤੋਂ ਰੋਕ ਦੇਵੇਗੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਜਲਦ ਆਵੇਗੀ ਨਵੀਂ ਆਈ. ਟੀ. ਪ੍ਰਣਾਲੀ
ਅਧਿਕਾਰੀ ਨੇ ਕਿਹਾ, ''ਜਲਦ ਤੋਂ ਜਲਦ ਨਵੀਂ ਆਈ. ਟੀ. ਪ੍ਰਣਾਲੀ ਨੂੰ ਲਿਆਇਆ ਜਾਵੇਗਾ, ਜੋ 6 ਮਹੀਨਿਆਂ ਤੱਕ ਰਿਟਰਨ ਦਾਖਲ ਨਾ ਕਰਨ ਵਾਲੀਆਂ ਨੂੰ ਈ-ਵੇ ਬਿੱਲ ਬਣਾਉਣ ਦੀ ਸਹੂਲਤ ਤੋਂ ਵਾਂਝੇ ਕਰ ਦੇਵੇਗੀ। ਇਸ ਲਈ ਨਵੇਂ ਨਿਯਮਾਂ ਨੂੰ ਨੋਟੀਫਾਈ ਕੀਤਾ ਜਾਵੇਗਾ।'' ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਪ੍ਰਣਾਲੀ ਨਾਲ ਜੀ. ਐੱਸ. ਟੀ. ਦੀ ਚੋਰੀ ਰੋਕਣ 'ਚ ਮਦਦ ਮਿਲੇਗੀ। ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਦਸੰਬਰ ਮਿਆਦ 'ਚ ਕੇਂਦਰੀ ਕਰ ਅਧਿਕਾਰੀਆਂ ਨੇ ਜੀ.ਐੱਸ.ਟੀ. ਚੋਰੀ ਜਾਂ ਨਿਯਮ ਉਲੰਘਣਾ ਦੇ 3626 ਮਾਮਲੇ ਪਾਏ ਹਨ, ਜਿਨ੍ਹਾਂ 'ਚ ਕੁਲ 15,278.18 ਕਰੋੜ ਰੁਪਏ ਦੀ ਰਾਸ਼ੀ ਸ਼ਾਮਲ ਹੈ।
ਕਰ ਚੋਰੀ ਨੂੰ ਰੋਕਣ ਲਈ ਹੀ 1 ਅਪ੍ਰੈਲ, 2018 ਨੂੰ ਈ-ਵੇ ਬਿੱਲ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ। 50,000 ਰੁਪਏ ਤੋਂ ਜ਼ਿਆਦਾ ਦਾ ਸਾਮਾਨ ਇਕ ਸੂਬੇ ਤੋਂ ਦੂਜੇ ਸੂਬੇ 'ਚ ਭੇਜੇ ਜਾਣ ਲਈ ਈ-ਵੇਅ ਬਿੱਲ ਦੀ ਸਹੂਲਤ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੂਬਿਆਂ ਅੰਦਰ ਹੀ ਇਸ ਸੇਵਾ ਨੂੰ ਸ਼ੁਰੂ ਕਰਨ ਲਈ 15 ਅਪ੍ਰੈਲ ਤੋਂ ਇਸ ਨੂੰ ਲੜੀਵਾਰ ਤਰੀਕੇ ਨਾਲ ਲਾਗੂ ਕੀਤਾ ਗਿਆ।