GST : ਮੋਟਰਸਾਈਕਲ ਹੋਣਗੇ ਸਸਤੇ, ਬਜਾਜ ਨੇ ਘਟਾਏ ਮੁੱਲ, ਜਾਣੋ ਨਵੇਂ ਰੇਟ

06/19/2017 3:51:26 PM

ਜਲੰਧਰ— ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਤੋਂ ਪਹਿਲਾਂ ਮੋਟਰਸਾਈਕਲਾਂ 'ਤੇ ਕੰਪਨੀਆਂ ਨੇ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਬਜਾਜ ਨੇ ਆਪਣੇ ਸਾਰੇ ਮਾਡਲਾਂ 'ਤੇ ਵਿਸ਼ੇਸ਼ ਛੋਟ ਆਫਰ ਕੀਤੀ ਹੈ। ਜੀ. ਐੱਸ. ਟੀ. ਦਾ ਫਾਇਦਾ ਕੰਪਨੀ ਨੇ ਹੁਣੇ ਹੀ ਆਪਣੇ ਗਾਹਕਾਂ ਨੂੰ ਦੇਣ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਜੀ. ਐੱਸ. ਟੀ. ਤਹਿਤ ਦੋ-ਪਹੀਆ ਵਾਹਨਾਂ 'ਤੇ 28 ਫੀਸਦੀ ਟੈਕਸ ਹੋਵੇਗਾ। ਜਦੋਂ ਕਿ 350 ਸੀਸੀ ਤੋਂ ਉਪਰ ਵਾਲੇ ਮੋਟਰਸਾਈਕਲਾਂ 'ਤੇ 28 ਫੀਸਦੀ ਟੈਕਸ ਦੇ ਨਾਲ 3 ਫੀਸਦੀ ਸੈੱਸ ਵੀ ਲੱਗੇਗਾ ਯਾਨੀ ਇਸ 'ਤੇ 31 ਫੀਸਦੀ ਟੈਕਸ ਹੋਵੇਗਾ। 


ਇਸੇ ਨੂੰ ਦੇਖਦੇ ਹੋਏ ਬਜਾਜ ਨੇ ਆਪਣੇ ਮੋਟਰਸਾਈਕਲਾਂ 'ਤੇ ਵਿਸ਼ੇਸ਼ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਆਫਰ 30 ਜੂਨ 2017 ਤਕ ਉਪਲੱਬਧ ਹੋਵੇਗਾ। ਕੰਪਨੀ ਨੇ ਪਲਸਰ (150) ਦੀ ਮੌਜੂਦਾ ਕੀਮਤ 'ਚ ਕਟੌਤੀ ਕਰਦੇ ਹੋਏ ਨਵੀਂ ਕੀਮਤ 75,328 ਰੁਪਏ ਆਫਰ ਕੀਤੀ ਹੈ। ਇਸੇ ਤਰ੍ਹਾਂ ਡਿਸਕਵਰ (125) ਦੀ ਕੀਮਤ 'ਚ ਵੀ ਕਟੌਤੀ ਕੀਤੀ ਗਈ ਹੈ, ਜੋ ਕਿ ਹੁਣ 51,582 ਰੁਪਏ ਹੋਵੇਗੀ। ਪਲੈਟਿਨਾ ਦੀ ਕੀਮਤ 44,825 ਰੁਪਏ ਆਫਰ ਕੀਤੀ ਜਾ ਰਹੀ ਹੈ। ਉੱਥੇ ਹੀ ਸੀ. ਟੀ. (100) ਅਤੇ ਵੀ-15 ਦੀਆਂ ਕੀਮਤਾਂ 'ਚ ਵੀ ਕਟੌਤੀ ਗਈ ਹੈ, ਇਨ੍ਹਾਂ ਦੀਆਂ ਨਵੀਆਂ ਕੀਮਤਾਂ ਕ੍ਰਮਵਾਰ 31,837 ਰੁਪਏ ਅਤੇ 62,865 ਰੁਪਏ ਹਨ। ਇਸ ਤੋਂ ਇਲਾਵਾ ਐਵੇਨਜ਼ਰ (220) 'ਤੇ ਵੀ ਗਾਹਕਾਂ ਨੂੰ ਜੀ. ਐੱਸ. ਟੀ. ਕੀਮਤਾਂ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਇਸ ਦੀ ਕੀਮਤ ਘਟਾ ਕੇ 88,368 ਰੁਪਏ ਰੱਖੀ ਗਈ ਹੈ। ਕੀਮਤਾਂ 'ਤੇ ਇਹ ਵਿਸ਼ੇਸ਼ ਛੋਟ ਬਜਾਜ ਦੇ ਸਾਰੇ ਮੋਟਰਸਾਈਕਲਾਂ 'ਤੇ ਦਿੱਤੀ ਜਾ ਰਹੀ ਹੈ। 


ਉੱਥੇ ਹੀ, ਬਜਾਜ ਵੱਲੋਂ ਕੀਮਤਾਂ 'ਚ ਕਟੌਤੀ ਦੇ ਐਲਾਨ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਹੋਰ ਵੀ ਪ੍ਰਮੁੱਖ ਕੰਪਨੀਆਂ ਆਪਣੀਆਂ ਕੀਮਤਾਂ 'ਚ ਕਟੌਤੀ ਦਾ ਐਲਾਨ ਕਰ ਸਕਦੀਆਂ ਹਨ। ਜੀ. ਐੱਸ. ਟੀ. ਤੋਂ ਪਹਿਲਾਂ ਦਿੱਤੇ ਜਾ ਰਹੇ ਆਫਰਾਂ ਤੋਂ ਜ਼ਾਹਰ ਹੈ ਕਿ ਜੀ. ਐੱਸ. ਟੀ. ਲਾਗੂ ਹੋਣ 'ਤੇ ਮੋਟਰਸਾਈਕਲਾਂ ਦੀਆਂ ਕੀਮਤਾਂ ਪਹਿਲਾਂ ਨਾਲੋਂ ਥੋੜ੍ਹੀਆਂ ਘਟਣਗੀਆਂ। ਜਦੋਂ ਕਿ 350 ਸੀਸੀ ਤੋਂ ਉਪਰ ਵਾਲੇ ਮੋਟਰਸਾਈਕਲ ਮਹਿੰਗੇ ਹੋ ਸਕਦੇ ਹਨ।