GST : ਹੁਣ ਰੱਖਣਾ ਹੋਵੇਗਾ ਇਹ ਸਾਰਾ ਰਿਕਾਰਡ, ਨਹੀਂ ਤਾਂ ਹੋਵੇਗੀ ਮੁਸ਼ਕਿਲ

04/21/2017 12:36:29 PM

ਨਵੀਂ ਦਿੱਲੀ— ਜੀ. ਐੱਸ. ਟੀ. ਯਾਨੀ ਵਸਤੂ ਅਤੇ ਸੇਵਾ ਟੈਕਸ ਤਹਿਤ ਗੁਆਚੇ ਹੋਏ, ਚੋਰੀ ਹੋ ਗਏ ਜਾਂ ਨਸ਼ਟ ਹੋਏ ਸਾਮਾਨ ਦਾ ਵੱਖਰਾ ਅਤੇ ਪੂਰਾ ਰਿਕਾਰਡ ਰੱਖਣਾ ਹੋਵੇਗਾ। ਇਸੇ ਤਰ੍ਹਾਂ ਨਮੂਨੇ ਦੇ ਤੌਰ ''ਤੇ ਦਿੱਤੇ ਗਏ ਸਾਮਾਨ ਜਾਂ ਫਿਰ ਤੋਹਫੇ ''ਚ ਦਿੱਤੇ ਗਏ ਸਾਮਾਨ ਦਾ ਵੀ ਰਿਕਾਰਡ ਰੱਖਣਾ ਹੋਵੇਗਾ। ਜੀ. ਐੱਸ. ਟੀ. ਤਹਿਤ ਰਿਕਾਰਡ ਦੇ ਰੱਖ-ਰਖਾਅ ਲਈ ਤਿਆਰ ਖਰੜਾ ਨਿਯਮਾਂ ''ਚ ਕਿਹਾ ਗਿਆ ਹੈ ਕਿ ਖਾਤਿਆਂ ਨੂੰ ਕ੍ਰਮਵਾਰ ਯਾਨੀ ਕਿ ਲੜੀ ਵਾਰ ਰੱਖਣਾ ਹੋਵੇਗਾ ਅਤੇ ਰਜਿਸਟਰਾਂ, ਖਾਤਿਆਂ ਅਤੇ ਦਸਤਾਵੇਜ਼ਾਂ ''ਚ ਕੀਤੀ ਗਏ ਦਾਖਲੇ ਨੂੰ ਮਿਟਾਇਆ ਨਹੀਂ ਜਾਵੇਗਾ, ਨਾਲ ਹੀ ਇਨ੍ਹਾਂ ''ਚ ਕੋਈ ਕਟਿੰਗ ਨਹੀਂ ਕੀਤੀ ਜਾ ਸਕੇਗੀ।

ਨਿਯਮਾਂ ਮੁਤਾਬਕ ਹਰੇਕ ਸਰਗਰਮੀ ਲਈ ਵੱਖਰਾ ਰਿਕਾਰਡ ਰੱਖਣਾ ਹੋਵੇਗਾ। ਨਿਰਮਾਣ ਹੋਵੇ ਜਾਂ ਫਿਰ ਕਾਰੋਬਾਰ ਜਾਂ ਸੇਵਾਵਾਂ ਹਰ ਸਰਗਰਮੀ ਦਾ ਰਿਕਾਰਡ ਵੱਖ-ਵੱਖ ਰੱਖਣਾ ਜ਼ਰੂਰੀ ਹੋਵੇਗਾ। 

ਇਸ ਨਿਯਮ ''ਚ ਕਿਹਾ ਗਿਆ ਹੈ ਕਿ ਹਰੇਕ ਰਜਿਸਟਰਡ ਵਿਅਕਤੀ ਨੂੰ ਆਪਣੇ ਸਟਾਕ ''ਚ ਹਰੇਕ ਵਸਤੂ ਦਾ ਲੇਖਾ-ਜੋਖਾ ਰੱਖਣਾ ਹੋਵੇਗਾ ਕਿ ਉਸ ਨੇ ਕਿਹੜੀ ਵਸਤੂ ਪ੍ਰਾਪਤ ਕੀਤੀ ਅਤੇ ਕਿਹੜੀ ਸਪਲਾਈ ਕੀਤੀ। ਇਸ ਦੇ ਨਾਲ ਹੀ ਰਸੀਦ, ਸਪਲਾਈ, ਚੋਰੀ, ਬਰਬਾਦ ਜਾਂ ਗੁੰਮ ਹੋਈਆਂ ਵਸਤੂਆਂ, ਤੋਹਫੇ ਜਾਂ ਮੁਫਤ ''ਚ ਦਿੱਤੇ ਗਏ ਨਮੂਨਿਆਂ ਅਤੇ ਬਾਕੀ ਬਚੇ ਸਟਾਕ ਆਦਿ ਦਾ ਵੀ ਵੇਰਵਾ ਰੱਖਣਾ ਹੋਵੇਗਾ। ਇਨ੍ਹਾਂ ''ਚ ਕੱਚਾ ਮਾਲ, ਤਿਆਰ ਵਸਤੂਆਂ, ਕਬਾੜ ਅਤੇ ਬਰਬਾਦ ਹੋਏ ਸਾਮਾਨ ਦਾ ਵੀ ਰਿਕਾਰਡ ਸ਼ਾਮਲ ਹੈ। ਰਜਿਸਟਰਡ ਵਿਅਕਤੀ ਨੂੰ ਬਹੀ ਖਾਤੇ ''ਚ ਇਸ ਦਾ ਕ੍ਰਮਵਾਰ ਜ਼ਿਕਰ ਕਰਨਾ ਹੋਵੇਗਾ। 1 ਜੁਲਾਈ ਤੋਂ ਲਾਗੂ ਹੋਣ ਵਾਲੇ ਇਸ ਪ੍ਰਬੰਧ ਦੀ ਪਾਲਣਾ ਕਰਨਾ ਉਦਯੋਗ ਲਈ ਪ੍ਰੇਸ਼ਾਨੀ ਦਾ ਸਬਬ ਹੋ ਸਕਦਾ ਹੈ।