20 ਨੂੰ ਹੋਵੇਗੀ GST ਕੌਂਸਲ ਦੀ ਮੀਟਿੰਗ, ਈ-ਚਾਲਾਨ ਨੂੰ ਲੈ ਕੇ ਹੋ ਸਕਦੈ ਵਿਚਾਰ

06/09/2019 2:10:25 PM

ਨਵੀਂ ਦਿੱਲੀ— ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) ਕੌਂਸਲ ਦੀ ਬੈਠਕ 20 ਜੂਨ ਨੂੰ ਹੋਣ ਜਾ ਰਹੀ ਹੈ। ਵਿੱਤ ਮੰਤਰਾਲਾ ਇਸ 'ਚ 50 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੇ ਟਰਨਓਵਰ ਵਾਲੀਆਂ ਕੰਪਨੀਆਂ ਲਈ ਈ-ਚਾਲਾਨ ਪ੍ਰਸਤਾਵ ਪੇਸ਼ ਕਰ ਸਕਦਾ ਹੈ। ਜਿਸ ਤਹਿਤ ਇਨ੍ਹਾਂ ਲਈ ਬਿਜ਼ਨੈੱਸ-ਟੂ-ਬਿਜ਼ਨੈੱਸ ਵਿਕਰੀ ਲਈ ਸਰਕਾਰੀ ਪੋਰਟਲ 'ਤੇ ਈ-ਚਾਲਾਨ ਬਣਾਉਣਾ ਲਾਜ਼ਮੀ ਹੋ ਸਕਦਾ ਹੈ।


ਇਸ ਦਾ ਮਕਸਦ ਜੀ. ਐੱਸ. ਟੀ. ਚੋਰੀ 'ਤੇ ਲਗਾਮ ਲਾਉਣਾ ਹੈ। ਰਿਟਰਨ ਫਾਈਲਿੰਗ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਵੱਧ ਤੋਂ ਵੱਧ ਤਕਰੀਬਨ 68 ਹਜ਼ਾਰ ਫਰਮਾਂ ਦਾ ਟਰਨਓਵਰ 50 ਕਰੋੜ ਰੁਪਏ ਤੋਂ ਵੱਧ ਹੈ। ਵਿੱਤ ਮੰਤਰਾਲਾ ਸਤੰਬਰ ਤਕ ਈ-ਚਾਲਾਨ ਸਿਸਟਮ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੰਤਰਾਲਾ ਦਾ ਮੰਨਣਾ ਹੈ ਕਿ ਈ-ਚਾਲਾਨ ਵਿਵਸਥਾ ਨਾਲ ਵਪਾਰ ਕਰਨ 'ਚ ਆਸਾਨੀ ਹੋਵੇਗੀ।

ਉੱਥੇ ਹੀ, ਇਸ ਮੀਟਿੰਗ 'ਚ ਸਰਕਾਰੀ ਤੇ ਰਾਜਾਂ ਤੋਂ ਮਾਨਤਾ ਪ੍ਰਾਪਤ ਲਾਟਰੀ 'ਤੇ ਜੀ. ਐੱਸ. ਟੀ. ਦਰਾਂ ਨੂੰ ਇਕਸਾਰ ਕਰਨ 'ਤੇ ਗੱਲਬਾਤ ਹੋ ਸਕਦੀ ਹੈ। ਰਾਸ਼ਟਰੀ ਮੁਨਾਫਾਖੋਰੀ ਵਿਰੋਧੀ ਅਥਾਰਟੀ ਦੇ ਵਿਸਥਾਰ ਕਰਨ 'ਤੇ ਵੀ ਵਿਚਾਰ ਹੋ ਸਕਦਾ ਹੈ। ਸੂਤਰਾਂ ਮੁਤਾਬਕ, ਰਾਸ਼ਟਰੀ ਮੁਨਾਫਾਖੋਰੀ ਵਿਰੋਧੀ ਅਥਾਰਟੀ ਦਾ ਕਾਰਜਕਾਲ ਨਵੰਬਰ ਅੰਤ ਤਕ ਖਤਮ ਹੋ ਰਿਹਾ ਹੈ, ਅਜਿਹੇ 'ਚ ਇਸ ਦੇ ਵਿਸਥਾਰ 'ਤੇ ਪ੍ਰੀਸ਼ਦ ਦੀ ਬੈਠਕ 'ਚ ਚਰਚਾ ਹੋ ਸਕਦੀ ਹੈ।