GST ਕੌਂਸਲ ਦੀ ਬੈਠਕ ਟਲੀ, ਬਾਈਕ ਸਸਤੀ ਹੋਣ ਲਈ ਕਰਨਾ ਹੋਵੇਗਾ ਇੰਤਜ਼ਾਰ

09/12/2020 4:36:35 PM

ਨਵੀਂ ਦਿੱਲੀ— ਬਾਈਕ ਸਸਤੀ ਹੋਣ ਦੀ ਉਡੀਕ 'ਚ ਬੈਠੇ ਲੋਕਾਂ ਨੂੰ ਹੁਣ ਥੋੜ੍ਹਾ ਹੋਰ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜੀ. ਐੱਸ. ਟੀ. ਕੌਂਸਲ ਦੀ 19 ਸਤੰਬਰ ਨੂੰ ਹੋਣ ਵਾਲੀ ਬੈਠਕ ਫਿਲਹਾਲ ਮੁਲਤਵੀ ਹੋ ਗਈ ਹੈ ਅਤੇ ਹੁਣ ਇਸ ਦੇ 5 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ।

ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਬੈਠਕ 'ਚ ਜੀ. ਐੱਸ. ਟੀ. ਦਰਾਂ 'ਚ ਕਟੌਤੀ ਨੂੰ ਲੈ ਕੇ ਅਤੇ ਸੂਬਿਆਂ ਨੂੰ ਦਿੱਤੇ ਜਾਂਦੇ ਜੀ. ਐੱਸ. ਟੀ. ਮੁਆਵਜ਼ੇ ਦੇ ਮੁੱਦੇ 'ਤੇ ਚਰਚਾ ਹੋਣੀ ਸੀ।

ਇਕ ਸੂਤਰ ਨੇ ਕਿਹਾ ਕਿ ਸੂਬਿਆਂ ਦੇ ਮੁਆਵਜ਼ੇ ਦਾ ਮੁੱਦਾ ਸੰਸਦ 'ਚ ਚੁੱਕਿਆ ਜਾ ਸਕਦਾ ਹੈ। ਸੰਸਦ ਦਾ ਇਜਲਾਸ 14 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਬਾਅਦ ਕੇਂਦਰ ਅਤੇ ਸੂਬਿਆਂ ਵਿਚਕਾਰ ਚਰਚਾ ਦਾ ਅਗਲਾ ਦੌਰ ਹੋ ਸਕਦਾ ਹੈ। ਇਸ ਤੋਂ ਪਹਿਲਾਂ 27 ਅਗਸਤ ਨੂੰ ਜੀ. ਐੱਸ. ਟੀ. ਕੌਂਸਲ ਦੀ ਬੈਠਕ ਹੋਈ ਸੀ, ਜਿਸ 'ਚ ਸੂਬਿਆਂ ਨੂੰ ਮੁਆਵਜ਼ੇ ਦੀ ਭਰਪਾਈ ਅਤੇ ਇਸ ਕਮੀ ਨਾਲ ਨਜਿੱਠਣ ਦੇ ਉਪਾਵਾਂ 'ਤੇ ਚਰਚਾ ਹੋਈ ਸੀ। ਕੇਂਦਰ ਨੇ ਸੂਬਿਆਂ ਨੂੰ ਦੋ ਬਦਲ ਦਿੱਤੇ ਸਨ। ਇਸ 'ਚ ਉਨ੍ਹਾਂ ਨੂੰ ਬਾਜ਼ਾਰ ਤੋਂ ਉਧਾਰ ਲੈਣ ਜਾਂ ਆਰ. ਬੀ. ਆਈ. ਦੀ ਵਿਸ਼ੇਸ਼ ਸੁਵਿਧਾ ਜ਼ਰੀਏ ਉਧਾਰ ਲੈਣ ਦਾ ਬਦਲ ਦਿੱਤਾ ਗਿਆ ਸੀ। ਵਿਰੋਧੀ ਦਲਾਂ ਦੇ ਰਾਜ ਵਾਲੇ ਕਈ ਸੂਬਿਆਂ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ, ਜਦੋਂ ਕਿ ਭਾਜਪਾ ਦੇ ਕੁਝ ਸੂਬਿਆਂ ਨੇ ਪਹਿਲਾ ਬਦਲ ਚੁਣਿਆ ਹੈ। ਇਸ ਕਾਰਨ ਜੀ. ਐੱਸ. ਟੀ. ਕੌਂਸਲ 'ਚ ਮਤਭੇਦ ਹੋਣਾ ਤੈਅ ਹੈ। 

ਗੌਰਤਲਬ ਹੈ ਕਿ ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਹਾਲ ਹੀ 'ਚ ਇਕ ਚੈਨਲ ਨਾਲ ਗੱਲਬਾਤ 'ਚ ਕਿਹਾ ਸੀ ਕਿ ਜੇਕਰ ਸਕੂਟਰ-ਮੋਟਰਸਾਈਕਲਾਂ 'ਤੇ ਜੀ. ਐੱਸ. ਟੀ. ਦਰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕੀਤੀ ਜਾਂਦੀ ਹੈ ਤਾਂ ਇਸ ਨਾਲ ਕੀਮਤਾਂ 'ਚ 8,000 ਤੋਂ 10,000 ਰੁਪਏ ਤੱਕ ਦੀ ਕਮੀ ਹੋ ਸਕਦੀ ਹੈ।


Sanjeev

Content Editor

Related News