GST ਕੌਂਸਲ ਦੀ ਮੀਟਿੰਗ ਕੱਲ੍ਹ, ਲਗਜ਼ਰੀ ਹੋਟਲਾਂ ''ਚ ਰੁਕਣਾ ਹੋ ਸਕਦੈ ਸਸਤਾ

09/19/2019 3:53:54 PM

ਨਵੀਂ ਦਿੱਲੀ— ਸਰਕਾਰ ਆਰਥਿਕ ਸੁਸਤੀ ਨੂੰ ਬੂਸਟ ਦੇਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਵਿਚਕਾਰ ਜੀ. ਐੱਸ. ਟੀ. ਕੌਂਸਲ ਦੀ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਬੈਠਕ 'ਚ ਕਈ ਐਲਾਨ ਹੋਣ ਦੀ ਸੰਭਾਵਨਾ ਹੈ। ਲਗਜ਼ਰੀ ਹੋਟਲ ਜਿਨ੍ਹਾਂ ਦੇ ਕਮਰੇ ਦਾ ਕਿਰਾਇਆ 7,500 ਜਾਂ ਇਸ ਤੋਂ ਵੱਧ ਹੈ ਉਨ੍ਹਾਂ ਲਈ ਜੀ. ਐੱਸ. ਟੀ. ਦਰ 28 ਤੋਂ ਘਟਾ ਕੇ 18 ਫੀਸਦੀ ਕੀਤੀ ਜਾ ਸਕਦੀ ਹੈ।ਸੂਤਰਾਂ ਮੁਤਾਬਕ, ਜਿਨ੍ਹਾਂ 'ਤੇ ਟੈਕਸ ਦਰਾਂ 'ਚ ਕਟੌਤੀ ਦੀਆਂ ਸੰਭਾਵਨਾਵਾਂ ਹਨ ਉਨ੍ਹਾਂ 'ਚ ਲਗਜ਼ਰੀ ਹੋਟਲ ਤੇ ਆਊਟਡੋਰ ਕੈਟਰਿੰਗ ਸੇਵਾਵਾਂ ਸ਼ਾਮਲ ਹਨ।



ਗੁੱਡਜ਼ ਤੇ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਕੌਂਸਲ ਦੀ ਇਹ 37ਵੀਂ ਬੈਠਕ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ 'ਚ ਗੋਆ 'ਚ ਹੋਵੇਗੀ। ਇਸ 'ਚ ਵਾਹਨਾਂ, ਬਿਸਕੁਟ ਤੇ ਹੋਰ ਕੰਜ਼ਿਊਮਰ ਵਸਤਾਂ 'ਤੇ ਜੀ. ਐੱਸ. ਟੀ. ਦਰਾਂ ਘਟਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਪੱਛਮੀ ਬੰਗਾਲ, ਬਿਹਾਰ, ਕੇਰਲ ਅਤੇ ਪੰਜਾਬ ਆਟੋ ਸੈਕਟਰ ਲਈ ਜੀ. ਐੱਸ. ਟੀ. ਦਰਾਂ 'ਚ ਕਟੌਤੀ ਦਾ ਵਿਰੋਧ ਕਰ ਸਕਦੇ ਹਨ। ਫਿਟਮੈਂਟ ਕਮੇਟੀ ਦਾ ਕਹਿਣਾ ਹੈ ਕਿ ਜੇਕਰ ਜੀ. ਐੱਸ. ਟੀ. ਦਰ ਨੂੰ 28 ਤੋਂ ਘਟਾ ਕੇ 18 ਫੀਸਦੀ ਕੀਤਾ ਜਾਂਦਾ ਹੈ ਤਾਂ ਮਾਲੀਏ 'ਚ 50,000 ਕਰੋੜ ਰੁਪਏੇ ਦਾ ਨੁਕਸਾਨ ਹੋਵੇਗਾ।

ਪਿਛਲੀ 36ਵੀਂ ਬੈਠਕ 'ਚ ਕੌਂਸਲ ਨੇ ਇਲੈਕਟ੍ਰਿਕ ਵਾਹਨਾਂ 'ਤੇ ਜੀ. ਐੱਸ. ਟੀ. ਦਰ ਘਟਾ ਕੇ 5 ਫੀਸਦੀ ਕੀਤੀ ਸੀ, ਜੋ ਇਸ ਤੋਂ ਪਹਿਲਾਂ 12 ਫੀਸਦੀ ਸੀ। ਜ਼ਿਕਰਯੋਗ ਹੈ ਕਿ ਇੰਡਸਟਰੀ ਜੀ. ਐੱਸ. ਟੀ. ਦਰਾਂ 'ਚ ਕਟੌਤੀ ਦੀ ਲਗਾਤਾਰ ਮੰਗ ਕਰ ਰਹੀ ਹੈ। ਆਟੋ ਸੈਕਟਰ 'ਚ 28 ਫੀਸਦੀ ਜੀ. ਐੱਸ. ਟੀ. 'ਤੇ 1 ਤੋਂ 22 ਫੀਸਦੀ ਸੈੱਸ ਵੀ ਹੈ।ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਰਾਜਾਂ ਨੂੰ ਹੋਏ ਮਾਲੀਏ ਦੀ ਘਾਟ ਨੂੰ ਪੂਰਾ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਗੇਂਦ ਜੀ. ਐੱਸ. ਟੀ. ਕੌਂਸਲ ਦੇ ਪਾਲੇ 'ਚ ਹੈ ਕਿ ਉਹ 20 ਸਤੰਬਰ ਨੂੰ ਹੋਣ ਵਾਲੀ ਬੈਠਕ 'ਚ ਕੀ ਫੈਸਲਾ ਕਰਦੀ ਹੈ।