GST 'ਚ ਟੈਕਸ ਦਰਾਂ ਨੂੰ ਲੈ ਕੇ ਮਾਰਚ 'ਚ ਮਿਲ ਸਕਦੀ ਹੈ ਇਹ ਵੱਡੀ ਰਾਹਤ

02/18/2021 1:07:22 PM

ਨਵੀਂ ਦਿੱਲੀ- ਗੁੱਡਜ਼ ਅਤੇ ਸਰਵਿਸ ਟੈਕਸ (ਜੀ. ਐੱਸ. ਟੀ.) ਵਿਚ ਜਲਦ ਹੀ ਸਿਰਫ਼ ਤਿੰਨ ਹੀ ਟੈਕਸ ਸਲੈਬ ਰਹਿ ਸਕਦੇ ਹਨ, ਜਿਸ ਨਾਲ ਇਸ ਢਾਂਚੇ ਵਿਚ ਵੱਡਾ ਸੁਧਾਰ ਹੋਵੇਗਾ। ਜੀ. ਐੱਸ. ਟੀ. ਕੌਂਸਲ ਟੈਕਸ ਸਲੈਬਾਂ ਦੀ ਗਿਣਤੀ ਨੂੰ ਘਟਾ ਕੇ ਤਿੰਨ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕਰ ਸਕਦੀ ਹੈ। ਕੌਂਸਲ ਦੀ ਅਗਲੀ ਬੈਠਕ ਮਾਰਚ ਦੇ ਅੱਧ ਵਿਚ ਹੋਣ ਦੀ ਸੰਭਾਵਨਾ ਹੈ, ਜਿਸ ਵਿਚ ਇਸ ਬਾਰੇ ਚਰਚਾ ਹੋ ਸਕਦੀ ਹੈ।

ਜੀ. ਐੱਸ. ਟੀ. ਦੀ 12 ਅਤੇ 18 ਫ਼ੀਸਦੀ ਦਰ ਨੂੰ ਖ਼ਤਮ ਕਰਕੇ ਇਸ ਦੀ ਜਗ੍ਹਾ ਇਕ ਹੀ ਨਵੀਂ ਸਲੈਬ ਬਣਾਈ ਜਾ ਸਕਦੀ ਹੈ। ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨੇ ਹਾਲ ਹੀ ਵਿਚ ਕਿਹਾ ਸੀ ਕਿ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ 'ਤੇ ਜੀ. ਐੱਸ. ਟੀ. ਦਰਾਂ ਨੂੰ ਮਿਲਾਉਣ ਅਤੇ ਤਿੰਨ ਦਰਾਂ ਦਾ ਢਾਂਚਾ ਰੱਖਣ ਬਾਰੇ ਜੀ. ਐੱਸ. ਟੀ. ਕੌਂਸਲ ਵਿਚ ਵਿਚਾਰ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਚਰਚਾ ਮਾਰਚ 'ਚ ਹੀ ਹੋ ਸਕਦੀ ਹੈ।

ਗੁੱਡਜ਼ ਅਤੇ ਸਰਵਿਸ ਟੈਕਸ ਦਰਾਂ ਦੀ ਗਿਣਤੀ ਘਟਾਉਣ ਨਾਲ ਜਿੱਥੇ ਗਾਹਕਾਂ ਨੂੰ ਰਾਹਤ ਮਿਲ ਸਕਦੀ ਹੈ, ਉੱਥੇ ਹੀ ਇਸ ਦੀ ਪਾਲਣਾ ਵਿਚ ਆਸਾਨੀ ਹੋ ਜਾਵੇਗੀ। ਇਸ ਸਮੇਂ ਜੀ. ਐੱਸ. ਟੀ. ਵਿਚ 5, 12, 18 ਅਤੇ 28 ਫ਼ੀਸਦੀ ਦਰਾਂ ਹਨ। 15ਵੇਂ ਵਿੱਤ ਕਮਿਸ਼ਨ ਨੇ ਇਸ ਗਿਣਤੀ ਨੂੰ ਘਟਾ ਕੇ ਤਿੰਨ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਬਹੁਤ ਸਾਰੇ ਉਤਪਾਦ 12-18 ਫ਼ੀਸਦੀ ਸਲੈਬ ਵਿਚ ਹਨ, ਇਨ੍ਹਾਂ ਨੂੰ ਮਿਲਾ ਕੇ ਜੇਕਰ ਘੱਟ ਦਰ ਵਾਲੀ ਸਲੈਬ ਰੱਖੀ ਜਾਂਦੀ ਹੈ ਤਾਂ ਇਸ ਨਾਲ ਕਾਫ਼ੀ-ਕੁਝ ਸਸਤਾ ਹੋਵੇਗਾ। ਹਾਲਾਂਕਿ, ਗਾਹਕਾਂ 'ਤੇ ਪ੍ਰਭਾਵ ਜੀ. ਐੱਸ. ਟੀ. ਕੌਂਸਲ ਦੇ ਫ਼ੈਸਲੇ 'ਤੇ ਨਿਰਭਰ ਕਰੇਗਾ।

Sanjeev

This news is Content Editor Sanjeev