ਸਸਤੀ ਹੋਵੇਗੀ ਮੂੰਗਫਲੀ, 50 ਲੱਖ ਟਨ ਤੋਂ ਪਾਰ ਜਾ ਸਕਦਾ ਹੈ ਉਤਪਾਦਨ

10/15/2019 3:44:37 PM

ਨਵੀਂ ਦਿੱਲੀ— ਮੂੰਗਫਲੀ ਦੇ ਸ਼ੌਕੀਨਾਂ ਲਈ ਇਸ ਵਾਰ ਦੀ ਸਰਦ ਰੁੱਤ ਸ਼ਾਨਦਾਰ ਰਹਿਣ ਵਾਲੀ ਹੈ। ਸਾਉਣੀ ਸੀਜ਼ਨ 'ਚ ਗੁਜਰਾਤ 'ਚ ਬੰਪਰ ਪੈਦਾਵਾਰ ਹੋਣ ਨਾਲ ਦੇਸ਼ 'ਚ ਮੂੰਗਫਲੀ ਦਾ ਉਤਪਾਦਨ ਪਿਛਲੇ ਸਾਲ ਦੀ ਤੁਲਨਾ 'ਚ ਲਗਭਗ 40 ਫੀਸਦੀ ਵੱਧ ਹੋਣ ਦੀ ਉਮੀਦ ਹੈ।

ਤੇਲ ਬੀਜਾਂ ਦੇ ਉਤਪਾਦਨ 'ਤੇ ਨਜ਼ਰ ਰੱਖਣ ਵਾਲੀ ਇੰਡਸਟਰੀ ਬਾਡੀ 'ਸੌਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ' ਅਨੁਸਾਰ ਇਸ ਵਾਰ ਮੂੰਗਫਲੀ ਦਾ ਉਤਪਾਦਨ 51 ਲੱਖ ਟਨ ਹੋਣ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ 37.3 ਲੱਖ ਟਨ ਰਿਹਾ ਸੀ। ਇਸ 'ਚ ਗੁਜਰਾਤ ਦਾ ਯੋਗਦਾਨ ਪਿਛਲੇ ਸਾਲ ਦੀ ਤੁਲਨਾ 'ਚ ਦੋ ਗੁਣਾ ਤੋਂ ਵੀ ਵੱਧ 32.1 ਲੱਖ ਟਨ ਰਹਿਣ ਦਾ ਅਨੁਮਾਨ ਹੈ। ਬੀਤੇ ਸਾਲ ਗੁਜਰਾਤ ਦਾ ਉਤਪਾਦਨ 15.9 ਲੱਖ ਟਨ ਰਿਹਾ ਸੀ।
 

ਇਸ ਸਾਲ ਸਮੇਂ ਸਿਰ ਬਾਰਸ਼ਾਂ ਹੋਣ ਨਾਲ ਮੂੰਗਫਲੀ ਚੰਗੀ ਹੋਈ ਹੈ। ਗੁਜਰਾਤ ਨੇ ਇਸ ਵਾਰ 15.5 ਲੱਖ ਹੈਕਟੇਅਰ 'ਚ ਮੂੰਗਫਲੀ ਲਗਾਈ ਹੈ ਤੇ ਝਾੜ ਵੀ ਬਿਹਤਰ ਨਿਕਲ ਰਿਹਾ ਹੈ। ਪਿਛਲੇ ਸਾਲ ਗੁਜਰਾਤ 'ਚ 14.6 ਲੱਖ ਹੈਕਟੇਅਰ 'ਚ ਮੂੰਗਫਲੀ ਹੋਈ ਸੀ ਅਤੇ ਪ੍ਰਤੀ ਹੈਕਟੇਅਰ 1,095 ਕਿਲੋਗ੍ਰਾਮ ਝਾੜ ਰਿਹਾ ਸੀ, ਜਦੋਂ ਕਿ ਇਸ ਵਾਰ ਝਾੜ ਤਕਰੀਬਨ 2,071 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਨਿਕਲ ਰਿਹਾ ਹੈ।
ਉੱਥੇ ਹੀ, ਸਰਕਾਰ ਨੇ 60 ਲੱਖ ਟਨ ਤੋਂ ਵੀ ਵੱਧ ਉਤਪਾਦਨ ਹੋਣ ਦਾ ਅਨੁਮਾਨ ਲਗਾਇਆ ਹੈ। ਪਿਛਲੇ ਮਹੀਨੇ ਜਾਰੀ ਪਹਿਲੇ ਅਨੁਮਾਨ 'ਚ ਖੇਤੀਬਾੜੀ ਮੰਤਰਾਲਾ ਨੇ 61 ਲੱਖ ਟਨ ਉਤਪਾਦਨ ਦਾ ਅੰਦਾਜ਼ਾ ਲਗਾਇਆ ਹੈ। ਬਾਜ਼ਾਰ ਮਾਹਰਾਂ ਮੁਤਾਬਕ, ਇਸ ਸਾਲ ਬੰਪਰ ਉਤਪਾਦਨ ਕਾਰਨ ਮੂੰਗਫਲੀ ਦੀ ਕੀਮਤ ਦਾਇਰੇ 'ਚ ਰਹਿ ਸਕਦੀ ਹੈ ਅਤੇ ਬਿਹਤਰ ਉਪਲਬੱਧਤਾ ਦੇ ਮੱਦੇਨਜ਼ਰ ਮੂੰਗਫਲੀ ਤੇਲ ਦੀ ਬਰਾਮਦ ਵੀ ਵੱਧ ਹੋਣ ਦੀ ਸੰਭਾਵਨਾ ਹੈ।


Related News