ਜਲਦ ਗ੍ਰੋਸਰੀ ਸਟੋਰਾਂ ਤੋਂ ਵੀ ਮਿਲ ਸਕੇਗੀ ਖਾਂਸੀ, ਜੁਕਾਮ ਦੀ ਦਵਾਈ

10/07/2019 10:03:43 AM

ਨਵੀਂ ਦਿੱਲੀ— ਹੁਣ ਜਲਦ ਹੀ ਗ੍ਰੋਸਰੀ ਸਟੋਰਾਂ ਯਾਨੀ ਕਰਿਆਨਾ ਦੁਕਾਨਾਂ 'ਤੇ ਵੀ ਖਾਂਸੀ, ਜੁਕਾਮ ਜਾਂ ਫਲੂ ਵਰਗੀਆਂ ਸਧਾਰਣ ਬਿਮਾਰੀਆਂ ਦੀ ਦਵਾਈ ਉਪਲੱਬਧ ਹੋਵੇਗੀ। ਸਰਕਾਰ ਵੱਲੋਂ ਇਸ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। 'ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਸੰਸਥਾ' ਵੱਲੋਂ ਇਨ੍ਹਾਂ ਲਈ ਇਕ ਖਾਸ ਪੈਕੇਜਿੰਗ ਸ਼ੁਰੂ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨਾਲ ਦਵਾਈਆਂ ਦੇ ਗਲਤ ਜਾਂ ਜ਼ਿਆਦਾ ਇਸਤੇਮਾਲ ਦਾ ਖਦਸ਼ਾ ਦੂਰ ਹੋ ਸਕੇਗਾ। 'ਓਵਰ-ਦਿ-ਕਾਊਂਟਰ' ਦਵਾਈਆਂ 'ਤੇ ਬਣਾਈ ਗਈ ਮਾਹਰਾਂ ਦੀ ਇਕ ਸਬ ਕਮੇਟੀ ਨੇ 'ਯੂਨੀਕ ਲੇਬਲਿੰਗ' ਦੀ ਸਲਾਹ ਦਿੱਤੀ ਹੈ, ਜਿਸ ਨਾਲ ਗਾਹਕ ਦਵਾਈ ਦੀ ਖੁਦ ਹੀ ਚੋਣ ਕਰ ਸਕਣਗੇ। ਮਾਹਰਾਂ ਨੇ ਬਿਨਾਂ ਡਾਕਟਰੀ ਪਰਚੀ ਦੇ ਵੇਚੀਆਂ ਜਾ ਸਕਣ ਵਾਲੀਆਂ ਦਵਾਈਆਂ ਲਈ ਵੱਖ ਤੋਂ ਪੈਕੇਜਿੰਗ ਰੱਖਣ ਦਾ ਪ੍ਰਸਤਾਵ ਦਿੱਤਾ ਹੈ।

 

 

'ਓਵਰ-ਦਿ-ਕਾਊਂਟਰ' ਦਵਾਈਆਂ ਲਈ ਦੋ ਕੈਟੇਗਿਰੀਜ਼ ਬਣਾਉਣ ਦਾ ਪ੍ਰਸਤਾਵ ਹੈ, ਯਾਨੀ ਜਿਨ੍ਹਾਂ ਦਵਾਈਆਂ ਲਈ ਡਾਕਟਰੀ ਪਰਚੀ ਦੀ ਜ਼ਰੂਰਤ ਨਹੀਂ ਹੈ ਉਨ੍ਹਾਂ ਦੀ ਸ਼੍ਰੇਣੀ ਵੱਖਰੀ ਹੋਵੇਗੀ ਅਤੇ ਹੋਰ ਸਭ ਦਵਾਈਆਂ ਪਹਿਲਾਂ ਦੀ ਤਰ੍ਹਾਂ ਰਜਿਸਟਰਡ ਮੈਡੀਕਲ ਸਟੋਰਾਂ ਤੋਂ ਹੀ ਮਿਲਣਗੀਆਂ। ਇਕ ਅਧਿਕਾਰੀ ਨੇ ਕਿਹਾ ਕਿ ਨਵੀਂ ਪ੍ਰਣਾਲੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਅਤੇ ਇਸ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਸਧਾਰਣ ਦਵਾਈਆਂ ਦੇ ਗਲਤ ਜਾਂ ਵੱਧ ਇਸਤੇਮਾਲ ਨੂੰ ਰੋਕਣ 'ਚ ਮਦਦ ਮਿਲ ਸਕੇਗੀ। ਇਸ ਨਾਲ ਖਾਸ ਕਰਕੇ ਪਿੰਡਾਂ ਤੇ ਦੂਰ-ਦੁਰਾਡੇ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ।
ਇਨ੍ਹਾਂ ਦੀ ਪੈਕੇਜਿੰਗ 'ਤੇ ਜੇਨੈਰਿਕ ਨਾਮ, ਫਾਰਮੂਲੇਸ਼ਨ ਦਾ ਬ੍ਰਾਂਡ ਨਾਮ, ਕੰਪੋਜੀਸ਼ਨ, ਪੈਕ 'ਚ ਡੋਜ਼ ਦੀ ਗਿਣਤੀ ਵਰਗੀ ਸਾਰੀ ਜਾਣਕਾਰੀ ਉਪਲੱਬਧ ਹੋਵੇਗੀ। ਫਿਲਹਾਲ ਇਸ ਨੂੰ ਮਨਜ਼ੂਰੀ ਮਿਲਣਾ ਬਾਕੀ ਹੈ। ਮਾਹਰਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਅਜਿਹੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਵਿਗਿਆਪਨ ਪ੍ਰੀਸ਼ਦ ਵੱਲੋਂ ਮਨਜ਼ੂਰੀ ਲੈਣ ਤੋਂ ਬਾਅਦ ਵਿਗਿਆਪਨ ਦੇਣ ਦੀ ਵੀ ਆਗਿਆ ਹੋਣੀ ਚਾਹੀਦੀ ਹੈ। ਹੁਣ ਤਕ ਇਨ੍ਹਾਂ ਨੂੰ ਇਸ ਦੀ ਮਨਜ਼ੂਰੀ ਨਹੀਂ ਹੈ।


Related News