ਤੇਲ ਉਤਪਾਦਨ ’ਚ ਵੱਡੀ ਕਟੌਤੀ ਕਰ ਸਕਦੈ ਓਪੇਕ, ਵਧਣਗੀਆਂ ਕੀਮਤਾਂ, ਭਾਰਤ ’ਤੇ ਪਵੇਗਾ ਅਸਰ

09/13/2019 10:23:13 AM

ਨਵੀਂ ਦਿੱਲੀ — ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਰੂਸ ਸਮੇਤ ਹੋਰ ਸਾਥੀ ਦੇਸ਼ ਉਤਪਾਦਨ ’ਚ ਵੱਡੀ ਕਟੌਤੀ ਨੂੰ ਲੈ ਕੇ ਸਮੀਖਿਆ ਕਰਨਗੇ। ਕੌਮਾਂਤਰੀ ਬਾਜ਼ਾਰ ’ਚ ਕਰੂਡ ਦੀਆਂ ਡਿੱਗਦੀਆਂ ਕੀਮਤਾਂ ਨੂੰ ਰੋਕਣ ਲਈ ਉਤਪਾਦਕ ਦੇਸ਼ ਵੱਡੀ ਕਟੌਤੀ ਦਾ ਫੈਸਲਾ ਕਰ ਸਕਦੇ ਹਨ। ਇਸ ਕਦਮ ਨਾਲ ਕਰੂਡ ਦੀਆਂ ਕੀਮਤਾਂ ’ਚ ਵਾਧਾ ਹੋਵੇਗਾ, ਜਿਸਦਾ ਅਸਰ ਭਾਰਤ ਦੇ ਘਰੇਲੂ ਤੇਲ ਬਾਜ਼ਾਰ ’ਚ ਵੀ ਵਿਖੇਗਾ। ਅਗਲੇ 6 ਮਹੀਨਿਆਂ ਦੌਰਾਨ ਤੇਲ ਦੀਆਂ ਕੀਮਤਾਂ 50 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀਆਂ ਹਨ, ਜਿਸ ਦਾ ਅਸਰ ਭਾਰਤ ’ਤੇ ਵੀ ਪਵੇਗਾ।

ਈਰਾਕ ਦੇ ਤੇਲ ਮੰਤਰੀ ਥਾਮੇਰ ਘਧਬਾਨ ਨੇ ਬੀਤੇ ਦਿਨ ਦੱਸਿਆ ਕਿ ਸਾਰੇ ਤੇਲ ਉਤਪਾਦਕ ਦੇਸ਼ਾਂ ਦੀ ਮੰਤਰੀ ਪੱਧਰੀ ਬੈਠਕ ’ਚ ਇਸ ’ਤੇ ਫੈਸਲਾ ਕੀਤਾ ਜਾਵੇਗਾ ਕਿ ਮੌਜੂਦਾ ਹਾਲਾਤ ’ਚ ਉਤਪਾਦਨ ਕਿੰਨਾ ਘਟਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੂਨ ’ਚ ਹੋਈ ਬੈਠਕ ’ਚ ਹੀ ਇਸ ਗੱਲ ’ਤੇ ਸਹਿਮਤੀ ਬਣੀ ਸੀ ਕਿ ਜਨਵਰੀ ਤੋਂ 6 ਮਹੀਨਿਆਂ ਲਈ ਲਾਗੂ ਕੀਤੀ ਗਈ ਕਟੌਤੀ ਕਾਫੀ ਨਹੀਂ ਹੋਵੇਗੀ ਅਤੇ ਸਾਨੂੰ ਇਸ ਦਾ ਘੇਰਾ 2 ਮਹੀਨੇ ਹੋਰ ਵਧਾਉਣਾ ਚਾਹੀਦਾ ਹੈ। ਬੈਠਕ ’ਚ ਇਸ ਗੱਲ ’ਤੇ ਵਿਚਾਰ ਕੀਤਾ ਜਾਵੇਗਾ ਕਿ ਮੌਜੂਦਾ 12 ਲੱਖ ਬੈਰਲ ਰੋਜ਼ਾਨਾ ਦੀ ਕਟੌਤੀ ਨੂੰ ਹੀ ਜਾਰੀ ਰੱਖਿਆ ਜਾਵੇ ਜਾਂ ਇਸ ਤੋਂ ਵੀ ਵੱਡੀ ਕਟੌਤੀ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਵੰਬਰ ’ਚ 16 ਲੱਖ ਅਤੇ 18 ਲੱਖ ਬੈਰਲ ਰੋਜ਼ਾਨਾ ਕਟੌਤੀ ਦਾ ਬਦਲ ਰੱਖਿਆ ਗਿਆ ਸੀ ਪਰ ਕੁੱਝ ਉਤਪਾਦਕ ਦੇਸ਼ਾਂ ਦੀ ਅਸਹਿਮਤੀ ਕਾਰਣ 12 ਲੱਖ ਬੈਰਲ ਹੀ ਕਟੌਤੀ ਕੀਤੀ ਗਈ।

ਮੰਗ ’ਚ ਨਰਮੀ ਨਾਲ ਡਿਗੀਆਂ ਕੀਮਤਾਂ

ਗਲੋਬਲ ਆਇਲ ਟਰੇਡਿੰਗ ਕੰਪਨੀ ਟਰਾਫਿਗਿਊਰਾ ਬੀਹੇਰ ਦੇ ਮੁਖੀ (ਕੌਮਾਂਤਰੀ ਵਪਾਰ) ਬੀਨ ਲਿਊਕਾਕ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰ ’ਚ ਕਰੂਡ ਦੀਆਂ ਕੀਮਤਾਂ ’ਚ ਲਗਾਤਾਰ ਗਿਰਾਵਟ ਆਈ ਹੈ। ਪਿਛਲੇ ਸਾਲ ਇਹ 85 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਵੀ ਪਾਰ ਕਰ ਗਿਆ ਸੀ, ਜੋ ਅਜੇ 60 ਤੋਂ 65 ਡਾਲਰ ਪ੍ਰਤੀ ਬੈਰਲ ਦੇ ਵਿਚਾਲੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਓਪੇਕ ਅਤੇ ਸਾਥੀ ਦੇਸ਼ ਤੇਲ ਕੀਮਤਾਂ ਨੂੰ 70 ਤੋਂ 75 ਡਾਲਰ ਪ੍ਰਤੀ ਬੈਰਲ ’ਤੇ ਰੱਖਣਾ ਚਾਹੁੰਦੇ ਹਨ, ਜੋ ਖਪਤਕਾਰਾਂ ਲਈ ਬਹੁਤ ਜ਼ਿਆਦਾ ਨਹੀਂ ਹੋਵੇਗਾ ਅਤੇ ਉਤਪਾਦਕ ਦੇਸ਼ਾਂ ਨੂੰ ਵੀ ਫਾਇਦਾ ਮਿਲਦਾ ਰਹੇਗਾ। ਹਾਲਾਂਕਿ ਲਗਾਤਾਰ ਮੰਗ ’ਚ ਨਰਮੀ ਨਾਲ ਕੀਮਤਾਂ ਉੱਤੇ ਨਹੀਂ ਜਾ ਰਹੀਆਂ।

ਅਗਲੇ 2 ਸਾਲ ਹੋਰ ਘਟੇਗੀ ਖਪਤ

ਓਪੇਕ ਵਲੋਂ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2019 ਅਤੇ 2020 ’ਚ ਤੇਲ ਦੀ ਕੌਮਾਂਤਰੀ ਮੰਗ ਦੀ ਵਾਧਾ ਦਰ ਹੋਰ ਹੇਠਾਂ ਜਾਵੇਗੀ। ਉਸ ਦਾ ਕਹਿਣਾ ਹੈ ਕਿ ਅਗਲੇ 2 ਸਾਲਾਂ ਤੱਕ ਕੌਮਾਂਤਰੀ ਮੰਗ ’ਚ 10 ਲੱਖ ਬੈਰਲ ਰੋਜ਼ਾਨਾ ਤੋਂ ਜ਼ਿਆਦਾ ਦੀ ਕਮੀ ਆਵੇਗੀ। ਇਸ ਤੋਂ ਪਹਿਲਾਂ ਅਗਸਤ ’ਚ 80,000 ਬੈਰਲ ਰੋਜ਼ਾਨਾ ਦੀ ਮੰਗ ਘਟਣ ਦਾ ਅੰਦਾਜ਼ਾ ਲਾਇਆ ਗਿਆ ਸੀ। ਤੇਲ ਉਤਪਾਦਕ ਦੇਸ਼ਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ’ਚ ਜਾਰੀ ਵਪਾਰ ਯੁੱਧ ਕਾਰਣ ਇਸ ਸਾਲ ਪਹਿਲੀ ਵਾਰ ਤੇਲ ਦੀ ਮੰਗ 1 ਫ਼ੀਸਦੀ ਘਟ ਗਈ ਹੈ। ਇਸ ਨਾਲ ਆਉਣ ਵਾਲੇ 6 ਮਹੀਨਿਆਂ ’ਚ ਕੀਮਤਾਂ 50 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀਆਂ ਹਨ।

ਭਾਰਤ ’ਤੇ ਸਭ ਤੋਂ ਜ਼ਿਆਦਾ ਅਸਰ

ਕਰੂਡ ਦੀਆਂ ਕੀਮਤਾਂ ’ਚ ਉਛਾਲ ਆਉਣ ਦਾ ਸਭ ਤੋਂ ਜ਼ਿਆਦਾ ਅਸਰ ਭਾਰਤ ’ਤੇ ਦਿਸਦਾ ਹੈ, ਜਿੱਥੇ ਕੁਲ ਖਪਤ ਦਾ 84 ਫ਼ੀਸਦੀ ਤੇਲ ਦਰਾਮਦ ਕਰਨਾ ਪੈਂਦਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਭਾਰਤ ਦੇ ਦਰਾਮਦ ਬਿੱਲ ਦਾ ਬੋਝ ਤੇਲ ਵੰਡ ਕੰਪਨੀਆਂ ਘਰੇਲੂ ਖਪਤਕਾਰਾਂ ’ਤੇ ਪਾਉਣਗੀਆਂ, ਜਿਸ ਦਾ ਅਸਰ ਤੁਹਾਡੀ ਜੇਬ ’ਤੇ ਪਵੇਗਾ। 2018-19 ’ਚ ਭਾਰਤ ਨੇ ਕੁਲ ਊਰਜਾ ਜ਼ਰੂਰਤਾਂ ਦਾ ਲਗਭਗ 20 ਫ਼ੀਸਦੀ ਤੇਲ ਈਰਾਕ ਤੋਂ ਖਰੀਦਿਆ ਹੈ, ਜੋ ਪਹਿਲੀ ਵਾਰ ਸਭ ਤੋਂ ਵੱਡਾ ਸਪਲਾਇਰ ਬਣ ਕੇ ਉੱਭਰਿਆ ਹੈ। ਅਜੇ ਤੱਕ ਇਸ ਮਾਮਲੇ ’ਚ ਪਹਿਲੇ ਸਥਾਨ ’ਤੇ ਰਹਿਣ ਵਾਲਾ ਸਾਊਦੀ ਅਰਬ ਇਸ ਵਾਰ ਦੂਜੇ ਸਥਾਨ ’ਤੇ ਰਿਹਾ।


Related News