ਸਰਕਾਰ ਦੀ ਸੌਗਾਤ, 14 ਲੱਖ ਲੋਕਾਂ ਨੂੰ ਤੁਰੰਤ ਟਰਾਂਸਫਰ ਹੋਵੇਗਾ ਇੰਨੇ ਲੱਖ ਤੱਕ ਦਾ ਰੀਫੰਡ

04/08/2020 11:03:47 PM

ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਵੱਲ ਤੁਹਾਡਾ ਵੀ ਰੀਫੰਡ ਰਹਿੰਦਾ ਹੈ ਤਾਂ ਤੁਹਾਡੇ ਲਈ ਵੱਡੀ ਖੁਸ਼ਖਬਰੀ ਹੈ। ਵਿਭਾਗ ਨੇ ਐਲਾਨ ਕੀਤਾ ਹੈ ਕਿ ਸਾਰੇ ਵਿਅਕਤੀਆਂ ਤੇ ਕਾਰੋਬਾਰੀ ਸੰਸਥਾਵਾਂ ਨੂੰ ਤੁਰੰਤ 5 ਲੱਖ ਰੁਪਏ ਤੱਕ ਦਾ ਬਕਾਇਆ ਇਨਕਮ ਟੈਕਸ ਰੀਫੰਡ ਜਾਰੀ ਹੋਵੇਗਾ। ਵਿਭਾਗ ਦੇ ਪ੍ਰੈੱਸ ਨੋਟ ਮੁਤਾਬਕ, ਇਸ ਫੈਸਲੇ ਨਾਲ ਤਕਰੀਬਨ 14 ਲੱਖ ਟੈਕਸਦਾਤਾਵਾਂ ਨੂੰ ਲਾਭ ਹੋਵੇਗਾ।

ਇਹ ਫੈਸਲਾ ਉਨ੍ਹਾਂ ਵਿਅਕਤੀਆਂ ਲਈ ਰਾਹਤ ਹੈ ਜਿਹੜੇ ਤਨਖਾਹ ਵਿਚ ਕਟੌਤੀ ਜਾਂ ਨੌਕਰੀ ਛੁਟਣ ਜਾਂ ਕੰਪਨੀ ਵੱਲੋਂ ਤਨਖਾਹ ਜਾਰੀ ਹੋਣ ਦਾ ਇੰਤਜ਼ਾਰ ਕਰਨ ਕਰਕੇ ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਹਨ।


ਇਨਕਮ ਟੈਕਸ ਵਿਭਾਗ ਨੇ ਟਵੀਟ ਵਿਚ ਕਿਹਾ, "ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਟੈਕਸਦਾਤਾਵਾਂ ਨੂੰ ਤੁਰੰਤ ਰਾਹਤ ਦੇਣ ਲਈ 5 ਲੱਖ ਰੁਪਏ ਤੱਕ ਦੇ ਸਾਰੇ ਬਕਾਏ ਇਨਕਮ ਟੈਕਸ ਰਿਫੰਡ ਤੇ ਜੀ. ਐੱਸ. ਟੀ. ਕਸਟਮ ਰੀਫੰਡ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਦਾ ਫੈਸਲਾ ਕੀਤਾ ਹੈ।"

ਸਰਕਾਰ ਨੇ ਸਾਰੇ ਪੈਂਡਿੰਗ GST ਤੇ ਕਸਟਮ ਰੀਫੰਡ ਵੀ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ MSME ਸਮੇਤ ਲਗਭਗ ਇਕ ਲੱਖ ਵਪਾਰਕ ਸੰਸਥਾਵਾਂ ਨੂੰ ਫਾਇਦਾ ਹੋਵੇਗਾ। ਸਰਕਾਰ ਵੱਲੋਂ ਕੁੱਲ ਮਿਲਾ ਕੇ ਲਗਭਗ 18,000 ਕਰੋੜ ਰੁਪਏ ਦਾ ਰੀਫੰਡ ਜਾਰੀ ਕੀਤਾ ਜਾ ਰਿਹਾ ਹੈ। ਇਨਕਮ ਟੈਕਸ ਰੀਫੰਡ ਤੁਰੰਤ ਟੈਕਸਦਾਤਾਵਾਂ ਦੇ ਖਾਤੇ ਵਿਚ ਟਰਾਂਸਫਰ ਕੀਤੇ ਜਾਣਗੇ। ਇਹ ਰੀਫੰਡ ਸਿਰਫ ਉਨ੍ਹਾਂ ਬੈਂਕ ਖਾਤਿਆਂ ਵਿਚ ਟਰਾਂਸਫਰ ਹੋਵੇਗਾ ਜੋ ਪੈਨ ਕਾਰਡ ਨਾਲ ਲਿੰਕਡ ਹਨ ਤੇ ਇਨਕਮ ਟੈਕਸ ਈ-ਫਾਈਲਿੰਗ www.incometaxefiling.gov.in 'ਤੇ ਜਿਨ੍ਹਾਂ ਦੀ ਪੁਸ਼ਟੀ ਹੋ ਚੁੱਕੀ ਹੈ।

Sanjeev

This news is Content Editor Sanjeev