ਵੱਡੀ ਰਾਹਤ! ਹਾੜ੍ਹੀ ਸੀਜ਼ਨ 'ਚ ਹੁਣ ਤੱਕ 1.34 ਲੱਖ ਟਨ ਦਾਲਾਂ ਦੀ ਖਰੀਦ

04/19/2020 12:01:48 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਂਮਾਰੀ ਲਾਕਡਾਊਨ ਵਿਚਕਾਰ ਕਿਸਾਨਾਂ ਤੇ ਆਮ ਲੋਕਾਂ ਲਈ ਵੱਡੀ ਰਾਹਤ ਹੈ। ਹਾੜ੍ਹੀ ਸੀਜ਼ਨ 2020-21 ਦੇ ਚਾਲੂ ਮਾਰਕੀਟਿੰਗ ਸਾਲ 'ਚ ਸਰਕਾਰ ਨੇ ਹੁਣ ਤੱਕ ਕਿਸਾਨਾਂ ਕੋਲੋਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤਹਿਤ 1.34 ਲੱਖ ਟਨ ਦਾਲ ਤੇ ਤਕਰੀਬਨ 30 ਹਜ਼ਾਰ ਟਨ ਤੇਲ ਫਸਲਾਂ ਦੀ ਖਰੀਦ ਕਰ ਲਈ ਹੈ। ਇਸ ਸਮੇਂ ਪ੍ਰਾਈਸ ਸਪੋਰਟ ਸਕੀਮ (ਪੀ. ਐੱਸ. ਐੱਸ.) ਤਹਿਤ ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਹਰਿਆਣਾ 'ਚ ਖਰੀਦ ਜਾਰੀ ਹੈ।


ਇਸ ਮਹੀਨੇ ਦੀ 16 ਤਰੀਕ ਤੱਕ, ਨੈਫੇਡ ਅਤੇ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਨੇ 1.34 ਲੱਖ ਟਨ ਦਾਲ ਤੇ 29 ਹਜ਼ਾਰ 264 ਟਨ ਤੇਲ ਫਸਲਾਂ ਦੀ ਖਰੀਦ ਕੀਤੀ ਹੈ, ਜਿਸ ਦੀ ਕੀਮਤ ਲਗਭਗ 785 ਕਰੋੜ ਰੁਪਏ ਹੈ। ਇਸ ਦਾ 1.14 ਲੱਖ ਕਿਸਾਨਾਂ ਨੂੰ ਫਾਇਦਾ ਹੋਇਆ ਹੈ।
ਲਾਕਡਾਊਨ ਦੌਰਾਨ ਪੀ. ਐੱਸ. ਐੱਸ. ਤਹਿਤ 97 ਹਜ਼ਾਰ ਤੋਂ ਵੱਧ ਹਾੜ੍ਹੀ ਦਾਲਾਂ ਤੇ ਤੇਲ ਫਸਲਾਂ ਦੀ ਖਰੀਦ ਕੀਤੀ ਗਈ ਹੈ। ਉੱਥੇ ਹੀ, ਨੈਫੇਡ ਵੱਲੋਂ ਦਾਲਾਂ ਦੇ ਬਫਰ ਸਟਾਕ ਲਈ ਪ੍ਰਾਈਸ ਸਟੇਬਲਾਈਜੇਸ਼ਨ ਫੰਡ (ਪੀ. ਐੱਸ. ਐੱਫ.) ਯੋਜਨਾ ਤਹਿਤ ਮਹਾਰਾਸ਼ਟਰ, ਤਾਮਿਲਨਾਡੂ, ਗੁਜਰਾਤ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ 'ਚ ਅਰਹਰ ਦੀ ਖਰੀਦ ਕੀਤੀ ਜਾ ਰਹੀ ਹੈ। ਹਰਿਆਣਾ ਦੇ 163 ਕੇਂਦਰਾਂ 'ਚ ਛੋਲੇ ਤੇ ਸਰੋਂ ਦੀ ਖਰੀਦ ਸ਼ੁਰੂ ਕੀਤੀ ਗਈ ਹੈ। ਸੋਸ਼ਲ ਡਿਸਟੈਂਸਿੰਗ ਲਈ ਪ੍ਰਤੀਦਿਨ ਕਿਸਾਨਾਂ ਨੂੰ ਸੀਮਤ ਗਿਣਤੀ 'ਚ ਬੁਲਾਇਆ ਜਾ ਰਿਹਾ ਹੈ। ਪਹਿਲੇ ਦੋ ਦਿਨਾਂ 'ਚ ਲਗਭਗ 10,111 ਕਿਸਾਨਾਂ ਤੋਂ 27,276.77 ਟਨ ਸਰੋਂ ਖਰੀਦੀ ਗਈ ਹੈ। ਓਧਰ ਮੱਧ ਪ੍ਰਦੇਸ਼ 'ਚ ਛੋਲੇ, ਸਰੋਂ ਤੇ ਮਸਰ ਦੀ ਖਰੀਦ ਲਈ ਤਿਆਰੀ ਕਰ ਲਈ ਗਈ ਹੈ ਅਤੇ ਕਿਸਾਨਾਂ ਨੂੰ ਆਪਣੀ ਉਪਜ ਖਰੀਦ ਕੇਂਦਰਾਂ 'ਤੇ ਪਹੁੰਚਾਉਣ ਲਈ ਸੂਚਤ ਕੀਤਾ ਗਿਆ ਹੈ। ਹਾੜ੍ਹੀ ਫਸਲਾਂ ਦੀ ਖਰੀਦ ਇਸ ਮਹੀਨੇ ਦੀ 15 ਤਰੀਕ ਤੋਂ ਸ਼ੁਰੂ ਹੋਈ ਹੈ।


Sanjeev

Content Editor

Related News