ਖੰਡ ਮਿੱਲਾਂ ਨੂੰ ਮਿਲੇਗਾ ਇਨਸੈਂਟਿਵ, ਐੱਮ. ਐੱਸ. ਪੀ. ’ਚ ਹੋ ਸਕਦੈ ਵਾਧਾ

09/19/2018 12:43:29 AM

ਨਵੀਂ ਦਿੱਲੀ -ਪਿਛਲੇ ਹਫ਼ਤੇ ਇਥਨਾਲ ਦੀਆਂ ਕੀਮਤਾਂ  ’ਚ ਵਾਧਾ ਕਰ ਕੇ ਖੰਡ ਉਦਯੋਗ ਨੂੰ ਇਨਸੈਂਟਿਵ ਪੈਕੇਜ ਦੇਣ ਤੋਂ ਬਾਅਦ ਸਰਕਾਰ ਖੰਡ ਮਿੱਲਾਂ ਨੂੰ ਇਕ ਹੋਰ ਖੰਡ ਇਨਸੈਂਟਿਵ ਦੇਣ ’ਤੇ ਵਿਚਾਰ ਕਰ ਰਹੀ ਹੈ। ਮਿੱਲਾਂ ਲਈ ਖੰਡ ਦੇ ਘੱਟੋ-ਘੱਟ ਵੇਚ ਮੁੱਲ (ਐੱਮ. ਐੱਸ. ਪੀ.) ਨੂੰ ਵਧਾ ਕੇ 34 ਰੁਪਏ ਪ੍ਰਤੀ ਕਿਲੋਗ੍ਰਾਮ ਕਰਨ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।

ਸਹਕਾਰੀ ਖੇਤਰ ਦੀਆਂ ਖੰਡ ਮਿੱਲਾਂ ਲਈ ਵੀ ਕਰਜ਼ਾ ਮੁੜਗਠਨ ਜਾਂ ਇਸੇ ਤਰ੍ਹਾਂ ਦੇ ਹੋਰ ਇਨਸੈਂਟਿਵ ਦਿੱਤੇ ਜਾ ਸਕਦੇ ਹਨ। ਮਿੱਲਾਂ ਵੱਲੋਂ ਖੰਡ ਦਾ ਐੱਮ. ਐੱਸ. ਪੀ. 37 ਰੁਪਏ ਕਿਲੋ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ 34 ਰੁਪਏ ਕਿਲੋ ਐੱਮ. ਐੱਸ. ਪੀ. ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਕੇਂਦਰ ਸਰਕਾਰ 34 ਤੋਂ 35 ਰੁਪਏ ਕਿਲੋ ਐੱਮ. ਐੱਸ. ਪੀ. ਤੈਅ ਕਰ ਸਕਦੀ ਹੈ। ਸਹਿਕਾਰੀ ਖੰਡ ਮਿੱਲਾਂ ਨੂੰ ਵੀ ਇਨਸੈਂਟਿਵ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਸਰਕਾਰ ਦੇ ਇਨ੍ਹਾਂ ਕਦਮਾਂ ਨਾਲ ਖੁੱਲ੍ਹੇ ਬਾਜ਼ਾਰ ’ਚ ਖੰਡ ਦੀਆਂ ਕੀਮਤਾਂ ’ਚ ਵਾਧਾ ਹੋ ਸਕਦਾ ਹੈ। ਸਰਕਾਰ ਨੇ ਜੂਨ ਦੀ ਸ਼ੁਰੂਆਤ ’ਚ 30 ਲੱਖ ਟਨ ਖੰਡ ਦਾ ਬਫਰ ਸਟਾਕ ਬਣਾਉਣ ਦੇ ਐਲਾਨ ਕਰ ਕੇ ਉਦਯੋਗ ਨੂੰ ਇਕ ਤਰ੍ਹਾਂ ਦਾ ਇਨਸੈਂਟਿਵ ਪੈਕੇਜ ਦਿੱਤਾ ਸੀ, ਉਥੇ ਹੀ ਐੱਮ. ਐੱਸ. ਪੀ. 29 ਰੁਪਏ ਕਿਲੋ ਤੈਅ ਕੀਤਾ ਗਿਆ ਸੀ। ਇਸ ਕੀਮਤ ਤੋਂ ਘੱਟ ’ਤੇ ਮਿੱਲਾਂ ਖੰਡ ਦੀ ਵਿਕਰੀ ਨਹੀਂ ਕਰ ਸਕਦੀਆਂ ਹਨ। ਪਿਛਲੇ ਹਫਤੇ ਦੇ ਇਨਸੈਂਟਿਵ ਪੈਕੇਜ ਨਾਲ ਖੰਡ ਕੰਪਨੀਆਂ ਦੇ ਸ਼ੇਅਰਾਂ ’ਚ ਕਾਫੀ ਤੇਜ਼ੀ ਆਈ ਸੀ। 

ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਸਿਖਰਲੀਆਂ 10 ਖੰਡ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ’ਚ ਇਕ ਹਫਤੇ ਦੌਰਾਨ ਕਰੀਬ 40 ਫ਼ੀਸਦੀ ਦੀ ਤੇਜ਼ੀ ਆਈ।  ਖੰਡ ਦੇ ਘੱਟੋ-ਘੱਟ ਵੇਚ ਮੁੱਲ ’ਚ ਵਾਧੇ ਨਾਲ ਫੈਕਟਰੀ ਕੀਮਤ ’ਚ ਸਿੱਧਾ ਵਾਧਾ ਹੋਵੇਗਾ ਅਤੇ ਪ੍ਰਾਪਤੀ ਪੱਧਰ ਮਿੱਲਾਂ ਦਾ ਉਤਪਾਦਨ ਲਾਗਤ ਦੇ ਕਰੀਬ ਪਹੁੰਚ ਜਾਵੇਗਾ। ਐੱਮ. ਐੱਸ. ਪੀ. ’ਚ ਵਾਧੇ ਤੋਂ ਇਲਾਵਾ ਖੰਡ ਦੀ ਤੇਜ਼ੀ ਨਾਲ ਬਰਾਮਦ ਕਰਨ ’ਚ ਵੀ ਆਸਾਨੀ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਬਾਰੇ ’ਚ ਰਸਮੀ ਫ਼ੈਸਲਾ ਛੇਤੀ ਹੀ ਲਿਆ ਜਾ ਸਕਦਾ ਹੈ।