ਦੀਵਾਲੀ ਦਾ ਤੋਹਫਾ! ਇਨਕਮ ਟੈਕਸ ਦਰਾਂ ''ਚ ਹੋ ਸਕਦੀ ਹੈ ਵੱਡੀ ਕਟੌਤੀ

10/03/2019 9:54:33 AM

ਨਵੀਂ ਦਿੱਲੀ— ਤਿਉਹਾਰੀ ਸੀਜ਼ਨ 'ਚ ਸਰਕਾਰ ਟੈਕਸਦਾਤਾਵਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਜਲਦ ਹੀ ਤੁਹਾਡੀ ਜੇਬ 'ਚ ਟੈਕਸ ਦੇ ਪੈਸੇ ਬਚਣ ਜਾ ਰਹੇ ਹਨ, ਜਿਸ ਨਾਲ ਤੁਸੀਂ ਤਿਉਹਾਰਾਂ 'ਚ ਸ਼ਾਪਿੰਗ ਕਰ ਸਕੋਗੇ। ਰਿਪੋਰਟਾਂ ਮੁਤਾਬਕ, ਸਰਕਾਰ ਪ੍ਰਤੱਖ ਟੈਕਸ ਕੋਡ (ਡੀ. ਟੀ. ਸੀ.) ਦੇ ਪ੍ਰਸਤਾਵਾਂ ਤਹਿਤ ਪੁਰਾਣੇ ਇਨਕਮ ਟੈਕਸ ਕਾਨੂੰਨ ਨੂੰ ਸਰਲ ਤੇ ਟੈਕਸ ਦਰਾਂ ਨੂੰ ਤਰਕਸੰਗਤ ਬਣਾਉਣ ਲਈ ਕੰਮ ਕਰ ਰਹੀ ਹੈ।

 

ਇਨਕਮ ਟੈਕਸ ਦਰਾਂ 'ਚ ਹਰ ਕਿਸੇ ਨੂੰ ਘੱਟੋ-ਘੱਟ 5 ਫੀਸਦੀ ਛੋਟ ਦੇਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਮਿਡਲ ਕਲਾਸ ਨੂੰ ਸਭ ਤੋਂ ਵੱਧ ਰਾਹਤ ਮਿਲ ਸਕਦੀ ਹੈ ਕਿਉਂਕਿ 5 ਤੋਂ 10 ਲੱਖ ਰੁਪਏ ਤਕ ਆਮਦਨੀ 'ਤੇ 10 ਫੀਸਦੀ ਟੈਕਸ ਸਲੈਬ ਦਾ ਵਿਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਮੌਜੂਦਾ ਸਮੇਂ ਇੰਨੀ ਆਮਦਨੀ 'ਤੇ 20 ਫੀਸਦੀ ਟੈਕਸ ਲੱਗਦਾ ਹੈ। ਉੱਥੇ ਹੀ, ਇਕ ਵਿਚਾਰ ਸੈੱਸ ਤੇ ਸਰਚਾਰਜ ਨੂੰ ਹਟਾ ਕੇ 30 ਫੀਸਦੀ ਟੈਕਸ ਸਲੈਬ ਨੂੰ ਘਟਾ ਕੇ 25 ਫੀਸਦੀ ਕਰਨ ਦਾ ਵੀ ਹੈ।

ਸਰਕਾਰ ਦੀਵਾਲੀ ਤੋਂ ਪਹਿਲਾਂ ਇਹ ਐਲਾਨ ਕਰ ਸਕਦੀ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਟੈਕਸਦਾਤਾਵਾਂ ਦੇ ਹੱਥ 'ਚ ਜ਼ਿਆਦਾ ਪੈਸੇ ਬਚਣਗੇ ਤੇ ਮੰਗ 'ਚ ਸੁਧਾਰ ਹੋਵੇਗਾ। ਸਰਕਾਰ ਦੀ ਇਹ ਕੋਸ਼ਿਸ਼ ਆਰਥਿਕ ਗਤੀਵਿਧੀ ਨੂੰ ਹੁਲਾਰਾ ਦੇਣ ਦੀ ਹੈ ਕਿਉਂਕਿ ਜੂਨ ਤਿਮਾਹੀ 'ਚ ਵਿਕਾਸ ਦਰ 5 ਫੀਸਦੀ ਰਹੀ ਸੀ। ਆਰਥਿਕ ਸੁਸਤੀ ਨਾਲ ਨਜਿੱਠਣ ਲਈ ਸਰਕਾਰ ਹੁਣ ਤਕ ਕਈ ਕਦਮ ਉਠਾ ਚੁੱਕੀ ਹੈ, ਜਿਸ 'ਚ ਕਾਰਪੋਰੇਟ ਟੈਕਸਾਂ 'ਚ ਕਟੌਤੀ ਵੀ ਸ਼ਾਮਲ ਹੈ।


Related News