ਸਰਕਾਰ ਦਾ ਚੀਨ ਨੂੰ ਝਟਕਾ, ਬੱਸਾਂ-ਟਰੱਕਾਂ ਦੇ ਟਾਇਰਾਂ ''ਤੇ ਵਧਾਈ ਡਿਊਟੀ

06/25/2019 2:32:12 PM

ਨਵੀਂ ਦਿੱਲੀ— ਸਰਕਾਰ ਨੇ ਭਾਰਤੀ ਟਾਇਰ ਇੰਡਸਟਰੀ ਨੂੰ ਵੱਡੀ ਰਾਹਤ ਦਿੰਦੇ ਹੋਏ ਚੀਨ ਤੋਂ ਦਰਾਮਦ ਹੋਣ ਵਾਲੇ ਸਸਤੇ ਰੇਡੀਏਲ ਟਾਇਰਾਂ 'ਤੇ ਕਾਊਂਟਰਵਿਲਿੰਗ ਡਿਊਟੀ ਲਗਾ ਦਿੱਤੀ ਹੈ। ਸਰਕਾਰ ਨੇ ਪੰਜ ਸਾਲਾਂ ਤਕ ਲਈ ਇਹ ਡਿਊਟੀ ਲਾਗੂ ਕੀਤੀ ਹੈ, ਯਾਨੀ ਚੀਨ ਦੀ ਸਸਤੀ ਦਰਾਮਦ ਹੁਣ ਘਰੇਲੂ ਇੰਡਸਟਰੀ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ ਹੈ। ਇਹ ਟਾਇਰ 16 ਇੰਚ ਤੋਂ ਉੱਪਰ ਹਨ ਅਤੇ ਆਮ ਤੌਰ 'ਤੇ ਬੱਸਾਂ, ਟਰੱਕਾਂ 'ਚ ਵਰਤੇ ਜਾਂਦੇ ਹਨ।

 

ਸਰਕਾਰ ਦੇ ਇਸ ਕਦਮ ਨਾਲ ਜੇ. ਕੇ. ਟਾਇਰ, ਸੀਏਟ, ਐੱਮ. ਆਰ. ਐੱਫ. ਤੇ ਅਪੋਲੋ ਟਾਇਰਜ਼ ਨੂੰ ਰਾਹਤ ਮਿਲੇਗੀ। ਸਰਕਾਰ ਨੇ ਇਹ ਡਿਊਟੀ ਉਸ ਵਕਤ ਲਗਾਈ ਹੈ, ਜਦੋਂ ਵਾਹਨਾਂ ਦੀ ਵਿਕਰੀ ਤੇਜ਼ੀ ਨਾਲ ਡਿੱਗਣ ਕਾਰਨ ਟਾਇਰ ਇੰਡਸਟਰੀ ਵੀ ਪ੍ਰਭਾਵਿਤ ਹੋ ਰਹੀ ਹੈ।
ਹਾਲਾਂਕਿ, ਦੱਸਣਯੋਗ ਹੈ ਕਿ ਚਾਈਨਾ ਟਾਇਰਾਂ ਦੀ ਦਰਾਮਦ ਘੱਟ ਕੇ ਲਗਭਗ 30,000 ਯੂਨਿਟਸ ਪ੍ਰਤੀ ਮਹੀਨਾ ਰਹਿ ਗਈ ਹੈ, ਜੋ ਦੋ ਸਾਲ ਪਹਿਲਾਂ 1.5 ਲੱਖ ਯੂਨਿਟਸ ਪ੍ਰਤੀ ਮਹੀਨਾ ਸੀ। ਸਰਕਾਰ ਵੱਲੋਂ ਕਾਊਂਟਰਵਿਲਿੰਗ ਡਿਊਟੀ ਲਾਉਣ ਦਾ ਇੰਡਸਟਰੀ ਨੇ ਸਵਾਗਤ ਕੀਤਾ ਹੈ। ਹਾਲਾਂਕਿ ਉਸ ਨੇ ਇਹ ਵੀ ਚਿੰਤਾ ਜਤਾਈ ਕਿ ਚਾਈਨਿਜ਼ ਫਰਮਾਂ ਥਾਈਲੈਂਡ ਤੇ ਵੀਅਤਨਾਮ ਜ਼ਰੀਏ ਭਾਰਤ 'ਚ ਸਸਤੀ ਦਰਾਮਦ 'ਤੇ ਮਾਲ ਦੀ ਸਪਲਾਈ ਜਾਰੀ ਰੱਖ ਸਕਦੀਆਂ ਹਨ। ਸਰਕਾਰ ਨੇ ਤਕਰੀਬਨ 8 ਟੈਰਿਫ ਆਈਟਮਾਂ 'ਤੇ ਡਿਊਟੀ 9.12 ਫੀਸਦੀ ਤੋਂ 17.57 ਫੀਸਦੀ ਤਕ ਵਧਾਈ ਹੈ।ਨੋਟੀਫਿਕੇਸ਼ਨ 'ਚ ਬਕਾਇਦਾ ਚਾਈਨਿਜ਼ ਪ੍ਰੋਡਿਊਸਰਾਂ ਦਾ ਨਾਂ ਵੀ ਹੈ।