ਬੈਂਕਾਂ ਨੂੰ ਪਿੰਡਾਂ 'ਚ 15,000 ਬ੍ਰਾਂਚਾਂ ਖੋਲ੍ਹਣ ਦਾ ਹੁਕਮ, 15KM 'ਤੇ ਹੋਵੇਗੀ ਇਕ ਸ਼ਾਖਾ

01/16/2020 11:00:39 AM

ਨਵੀਂ ਦਿੱਲੀ— ਬੈਂਕ 'ਚ ਨੌਕਰੀ ਕਰਨ ਦਾ ਸ਼ੌਂਕ ਰੱਖਣ ਵਾਲੇ ਨੌਜਵਾਨਾਂ ਤੇ ਨਜ਼ਦੀਕ 'ਚ ਬ੍ਰਾਂਚ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਲਈ ਖੁਸ਼ਖਬਰੀ ਹੈ। ਜਲਦ ਹੀ ਦੇਸ਼ ਭਰ 'ਚ ਬੈਂਕ ਲਗਭਗ 14-15 ਹਜ਼ਾਰ ਬ੍ਰਾਂਚਾਂ ਖੋਲ੍ਹਣ ਜਾ ਰਹੇ ਹਨ। ਸਰਕਾਰ ਨੇ ਨਿੱਜੀ ਤੇ ਸਰਕਾਰੀ ਖੇਤਰ ਦੇ ਬੈਂਕਾਂ ਨੂੰ ਇਕ ਲਿਸਟ ਸੌਂਪੀ ਹੈ, ਜਿਸ 'ਚ ਸਥਾਨ ਵਾਰ ਬ੍ਰਾਂਚ ਖੋਲ੍ਹਣ ਦੀ ਹਦਾਇਤ ਦਿੱਤੀ ਗਈ ਹੈ। ਸੂਤਰਾਂ ਮੁਤਾਬਕ, ਵਿੱਤ ਮੰਤਰਾਲੇ ਦਾ ਹੁਕਮ ਪਿੰਡਾਂ ਦੇ 15 ਕਿਲੋਮੀਟਰ ਘੇਰੇ 'ਚ ਇਕ ਸ਼ਾਖਾ ਖੋਲ੍ਹਣ ਦਾ ਹੈ, ਜਿੱਥੇ ਕੋਈ ਬੈਂਕਿੰਗ ਸਹੂਲਤਾਂ ਉਪਲੱਬਧ ਨਹੀਂ ਹਨ।
 

 

ਸਰਕਾਰ ਦੇ ਨਿਰਦੇਸ਼ਾਂ ਮੁਤਾਬਕ, ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਐੱਚ. ਡੀ. ਐੱਫ. ਸੀ. ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਸਮੇਤ ਹੋਰ ਵਪਾਰਕ ਬੈਂਕ ਆਉਣ ਵਾਲੇ ਸਾਲ 'ਚ 14,000-15,000 ਬ੍ਰਾਂਚਾਂ ਖੋਲ੍ਹਣਗੇ। ਨਵੀਂ ਬ੍ਰਾਂਚ ਵਿੱਤ ਮੰਤਰਾਲਾ ਵੱਲੋਂ ਦੱਸੇ ਗਏ ਇਲਾਕੇ 'ਚ ਖੁੱਲ੍ਹੇਗੀ। ਭਾਰਤੀ ਸਟੇਟ ਬੈਂਕ ਵਰਗੇ ਵੱਡੇ ਬੈਂਕਾਂ ਨੂੰ ਲਗਭਗ 1,500 ਬ੍ਰਾਂਚਾਂ, ਜਦੋਂ ਕਿ ਹਰ ਨਿੱਜੀ ਵਪਾਰਕ ਬੈਂਕਾਂ ਨੂੰ 600-700 ਸ਼ਾਖਾਵਾਂ ਖੋਲ੍ਹਣ ਲਈ ਹੁਕਮ ਦਿੱਤੇ ਗਏ ਹਨ।

ਸੂਤਰਾਂ ਮੁਤਾਬਕ, ਸੂਚੀ 'ਚ ਉਹ ਪਿੰਡ ਤੇ ਪੰਚਾਇਤ ਖੇਤਰ ਸ਼ਾਮਲ ਹਨ ਜਿੱਥੇ ਕੋਈ ਬੈਂਕ ਸ਼ਾਖਾਵਾਂ ਨਹੀਂ ਹਨ। ਇਸ ਤਰ੍ਹਾਂ ਦੇ ਪੇਂਡੂ ਖੇਤਰਾਂ 'ਚ ਤਕਰੀਬਨ 15 ਕਿਲੋਮੀਟਰ ਦੇ ਇਲਾਕੇ 'ਚ ਇਕ ਨਵੀਂ ਬੈਂਕ ਬ੍ਰਾਂਚ ਖੁੱਲ੍ਹਣ ਨਾਲ ਕਿਸਾਨਾਂ ਨੂੰ ਸਸਤਾ ਕਰਜ਼ਾ ਮਿਲਣ 'ਚ ਆਸਾਨੀ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਸਰਕਾਰ ਕਿਸਾਨਾਂ ਸਬਸਿਡੀ 'ਤੇ ਬੈਂਕਾਂ ਜ਼ਰੀਏ ਸਸਤਾ ਲੋਨ ਦਿੰਦੀ ਹੈ। ਕਿਸਾਨਾਂ ਨੂੰ 7 ਫੀਸਦੀ ਵਿਆਜ 'ਤੇ 3 ਲੱਖ ਰੁਪਏ ਤਕ ਦਾ ਸ਼ਾਰਟ ਟਰਮ (ਥੋੜ੍ਹੇ ਸਮੇਂ ਦਾ) ਖੇਤੀਬਾੜੀ ਕਰਜ਼ਾ ਮਿਲਦਾ ਹੈ ਅਤੇ ਜੋ ਕਿਸਾਨ ਸਮੇਂ 'ਚ ਕਿਸ਼ਤਾਂ ਚੁਕਾ ਦਿੰਦੇ ਹਨ ਉਨ੍ਹਾਂ ਨੂੰ 3 ਫੀਸਦੀ ਦੀ ਵਾਧੂ ਛੋਟ ਮਿਲਦੀ ਹੈ। ਇਸ ਤਰ੍ਹਾਂ ਸਮੇਂ 'ਤੇ ਕਰਜ਼ਾ ਚੁਕਾਉਣ ਵਾਲੇ ਕਿਸਾਨਾਂ ਲਈ 4 ਫੀਸਦੀ ਦਰ ਹੀ ਪ੍ਰਭਾਵੀ ਰਹਿ ਜਾਂਦੀ ਹੈ, ਯਾਨੀ ਨਜ਼ਦੀਕ 'ਚ ਬ੍ਰਾਂਚ ਖੁੱਲ੍ਹਣ ਨਾਲ ਕਿਸਾਨਾਂ ਨੂੰ ਵੱਡੀ ਸਹੂਲਤ ਮਿਲੇਗੀ। ਮਾਰਚ 2019 ਤੱਕ ਦਾ ਡਾਟਾ ਦੇਖੀਏ ਤਾਂ ਭਾਰਤ 'ਚ 120,000 ਤੋਂ ਵੱਧ ਸ਼ਾਖਾਵਾਂ ਤੇ 2 ਲੱਖ ਤੋਂ ਥੋੜ੍ਹੇ ਵੱਧ ਏ. ਟੀ. ਐੱਮਜ਼. ਹਨ ਤੇ ਇਨ੍ਹਾਂ 'ਚੋਂ ਸਿਰਫ 35,649 ਸ਼ਾਖਾਵਾਂ ਪੇਂਡੂ ਖੇਤਰਾਂ 'ਚ ਹਨ।