ਜਨਰਲ ਬੀਮਾ ਫਰਮਾਂ ਦੇ ਰਲੇਵੇਂ ਨੂੰ ਮਿਲੀ ਪ੍ਰਵਾਨਗੀ, ਪੂੰਜੀ ਨਿਵੇਸ਼ ਜਲਦ

01/28/2020 3:13:53 PM

ਕੋਲਕਾਤਾ — ਜਨਤਕ ਖੇਤਰ ਦੀਆਂ ਜਨਰਲ ਬੀਮਾ ਕੰਪਨੀਆਂ ਦਾ ਚਾਲੂ ਵਿੱਤੀ ਸਾਲ 'ਚ ਰਲੇਵੇਂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਆਮ ਬਜਟ 2020-21 ਦੇ ਦੋ ਹਫ਼ਤੇ ਪਹਿਲਾਂ ਤਿੰਨ ਪਬਲਿਕ ਸੈਕਟਰ ਦੀਆਂ ਜਨਰਲ ਬੀਮਾ ਕੰਪਨੀਆਂ- ਨੈਸ਼ਨਲ ਇੰਸ਼ੋਰੈਂਸ ਕੰਪਨੀ, ਓਰੀਐਂਟਲ ਇੰਸ਼ੋਰੈਂਸ ਕੰਪਨੀ ਅਤੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਇਸ ਰਲੇਵੇਂ ਲਈ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ। ਅਜਿਹੀ ਸਥਿਤੀ 'ਚ ਰਲੇਵੇਂ ਦੀ ਪ੍ਰਕਿਰਿਆ 'ਚ ਤੇਜ਼ੀ ਆਉਣ ਦੀ ਉਮੀਦ ਹੈ। ਇਸ ਮਾਮਲੇ ਤੋਂ ਜਾਣੂ ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਜਲਦੀ ਹੀ 12,000 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਦੀ ਉਮੀਦ ਕਰ ਰਹੀਆਂ ਹਨ।

ਜਨਤਕ ਖੇਤਰ ਦੀ ਇਕ ਜਨਰਲ ਬੀਮਾ ਫਰਮ ਦੇ ਸੀਨੀਅਰ ਅਧਿਕਾਰੀ ਨੇ ਕਿਹਾ, 'ਕਈ ਮਹੀਨੇ ਪਹਿਲਾਂ ਵਿੱਤੀ ਸੇਵਾਵਾਂ ਦੇ ਵਿਭਾਗ ਨੇ ਕਰੀਬ 12,000 ਕਰੋੜ ਰੁਪਏ ਦੀ ਪੂੰਜੀ ਪਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪੈਸਾ ਜਲਦੀ ਹੀ ਮਿਲ ਸਕਦਾ ਹੈ। ਰਲੇਵੇਂ ਦੀ ਪ੍ਰਕਿਰਿਆ ਵਿਚ ਪਹਿਲਾਂ ਦੀ ਦੇਰੀ ਹੋ ਚੁੱਕੀ ਹੈ। ਅਗਲੇ ਕੁਝ ਦਿਨਾਂ 'ਚ ਇਸ ਦੀ ਪ੍ਰਕਿਰਿਆ 'ਚ ਤੇਜ਼ੀ ਆ ਸਕਦੀ ਹੈ।

ਇਕ ਹੋਰ ਅਧਿਕਾਰੀ ਨੇ ਕਿਹਾ, 'ਬੋਰਡ ਦੀ ਮਨਜ਼ੂਰੀ ਇਸ ਗੱਲ ਦਾ ਸੰਕੇਤ ਹੈ ਕਿ ਸਰਕਾਰ ਰਲੇਵੇਂ ਨੂੰ ਲੈ ਕੰ ਗੰਭੀਰ ਹੈ। ਹਾਲਾਂਕਿ ਪੂੰਜੀ ਨਿਵੇਸ਼ ਦੇ ਬਿਨਾਂ ਰਲੇਵਾਂ ਸਫਲ ਨਹੀਂ ਹੋਵੇਗਾ। ਇਸ ਗੱਲ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਰਲੇਵੇਂ ਤੋਂ ਪਹਿਲਾਂ ਸਰਕਾਰ ਜਨਰਲ ਬੀਮਾ ਕੰਪਨੀਆਂ 'ਚ ਪੂੰਜੀ ਪਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਤਿੰਨੋਂ ਬੀਮਾ ਕੰਪਨੀਆਂ ਦੀ ਵਿੱਤੀ ਸਥਿਤੀ ਬਿਹਤਰ ਨਹੀਂ ਹੈ ਅਤੇ ਇਨ੍ਹਾਂ ਕੰਪਨੀਆਂ ਨੂੰ ਤੁਰੰਤ ਪੂੰਜੀ ਦੀ ਜ਼ਰੂਰਤ ਹੈ। ਉਪਲੱਬਧ ਅੰਕੜਿਆਂ ਅਨੁਸਾਰ ਪਿਛਲੇ ਵਿੱਤੀ ਸਾਲ ਦੇ ਆਖਿਰ 'ਚ ਨੈਸ਼ਨਲ ਬੀਮਾ ਸਾਲਵੈਂਸੀ ਅਨੁਪਾਤ 1.04 ਸੀ ਜਦੋਂਕਿ ਰੈਗੂਲੇਟਰੀ ਜ਼ਰੂਰਤ 1.5 ਹੈ। ਯੂਨਾਈਟਿਡ ਇੰਡੀਆ ਦਾ ਸਾਲਵੈਂਸੀ ਅਨੁਪਾਤ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 1.05 ਰਿਹਾ ਜਿਹੜਾ ਕਿ ਰੈਗੂਲੇਟਰੀ ਜ਼ਰੂਰਤਾਂ ਤੋਂ ਘੱਟ ਹੈ।

ਜਨਰਲ ਇੰਸ਼ੋਰੈਂਸ ਕੌਂਸਲ ਦੇ ਅੰਕੜਿਆਂ ਅਨੁਸਾਰ ਕੰਪਨੀ ਨੂੰ 20 ਸਤੰਬਰ 2019 'ਚ 1,091 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਇਸੇ ਤਰ੍ਹਾਂ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਓਰੀਐਂਟਲ ਇੰਸ਼ੋਰੈਂਸ ਦਾ ਸਾਲਵੈਂਸੀ ਅਨੁਪਾਤ 1.56 ਰਿਹਾ। ਸਤੰਬਰ ਤਿਮਾਹੀ ਦੇ ਅੰਤ 'ਚ ਕੰਪਨੀ ਨੂੰ 330 ਕਰੋੜ ਦਾ ਘਾਟਾ ਹੋਇਆ ਸੀ। ਈਵਾਈ ਨੇ ਦਸੰਬਸ 2020 ਤੱਕ ਜਾਂ ਜੁਲਾਈ ਤੋਂ ਲੈ ਕੇ 19 ਮਹੀਨੇ ਅੰਦਰ ਰਲੇਵੇਂ ਦੀ ਪ੍ਰਕਿਰਿਆ ਪੂਰੀ ਕਰਨ ਦੀ ਸਿਫਾਰਸ਼ ਕੀਤੀ ਹੈ।