ਗੁੱਡ ਨਿਊਜ਼ : ਹਵਾਈ ਟਿਕਟ ਬੁਕਿੰਗ, ਰੀਫੰਡ ''ਤੇ ਦਿਸ਼ਾ-ਨਿਰਦੇਸ਼ ਬਣਾਏਗੀ ਸਰਕਾਰ

04/16/2020 3:17:23 PM

ਨਵੀਂ ਦਿੱਲੀ- ਲਾਕਡਾਊਨ ਦੌਰਾਨ ਨਿੱਜੀ ਜਹਾਜ਼ ਸੇਵਾ ਕੰਪਨੀਆਂ ਵਲੋਂ ਟਿਕਟ ਦੀ ਬੁਕਿੰਗ ਅਤੇ ਰੀਫੰਡ ਨੂੰ ਲੈ ਕੇ ਆ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸਰਕਾਰ ਨੇ ਇਸ ਦੇ ਲਈ ਦਿਸ਼ਾ-ਨਿਰਦੇਸ਼ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਵੀਡੀਓ ਕਾਨਫਰੰਸ ਰਾਹੀਂ ਬੁੱਧਵਾਰ ਨੂੰ ਸਾਰੇ ਨਿੱਜੀ ਜਹਾਜ਼ ਸੇਵਾ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓ. ) ਨਾਲ ਗੱਲ ਕੀਤੀ ਹੈ। ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਸਰਕਾਰ ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰਨ ਲਈ ਜਲਦੀ ਹੀ ਬੁਕਿੰਗ ਅਤੇ ਰੀਫੰਡ ਦੀ ਨੀਤੀ ਬਾਰੇ ਦਿਸ਼ਾ-ਨਿਰਦੇਸ਼ ਤਿਆਰ ਕਰੇਗੀ। 

ਜ਼ਿਕਰਯੋਗ ਹੈ ਕਿ ਭਾਰਤ ਵਿਚ 3 ਮਈ ਤੱਕ ਲਾਕਡਾਊਨ ਹੈ ਤੇ ਕੁਝ ਹਵਾਈ ਜਹਾਜ਼ ਕੰਪਨੀਆਂ ਨੇ 4 ਮਈ ਤੋਂ ਉਡਾਣਾਂ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਲਾਕਡਾਊਨ 14 ਅਪ੍ਰੈਲ ਤੱਕ ਸੀ ਤੇ ਏਅਰ ਲਾਈਨਾਂ ਨੇ 15 ਅਪ੍ਰੈਲ ਲਈ ਬੁਕਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। 

ਲਾਕਡਾਊਨ ਵਧਣ ਕਾਰਨ ਲੋਕਾਂ ਨੂੰ ਟਿਕਟਾਂ ਦਾ ਰੀਫੰਡ ਨਹੀਂ ਮਿਲ ਰਿਹਾ। ਹਾਲਾਂਕਿ ਏਅਰਲਾਈਨਾਂ ਦਾ ਕਹਿਣਾ ਹੈ ਕਿ ਗਾਹਕਾਂ ਨੇ ਜੋ ਪਹਿਲਾਂ ਬੁਕਿੰਗ ਕੀਤੀ ਸੀ, ਉਸੇ ਪੈਸੇ ਨਾਲ ਉਹ ਸਾਲ ਅੰਦਰ ਕਿਸੇ ਵੀ ਹੋਰ ਸਮੇਂ ਲਈ ਟਿਕਟ ਬੁੱਕ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਲਾਕਡਾਊਨ ਖੁੱਲ੍ਹਣ 'ਤੇ ਹਵਾਈ ਸਫਰ ਮਹਿੰਗਾ ਹੋ ਸਕਦਾ ਹੈ ਕਿਉਂਕਿ ਸੋਸ਼ਲ ਡਿਸਟੈਸਿੰਗ ਦੇ ਮੱਦੇਨਜ਼ਰ ਵਿਚਕਾਰ ਵਾਲੀ ਸੀਟ ਬੁੱਕ ਨਹੀਂ ਹੋਵੇਗੀ ਤੇ ਨੁਕਸਾਨ ਦੀ ਪੂਰਤੀ ਲਈ ਕਿਰਾਇਆ ਵਧਾਇਆ ਜਾ ਸਕਦਾ ਹੈ।


Lalita Mam

Content Editor

Related News